ਮਿਲੀ ਜਾਣਕਾਰੀ ਅਨੁਸਾਰ, ਰਾਹੁਲ ਸ਼ਰਮਾ ਦੇਰ ਰਾਤ ਇੱਕ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਉਹ ਆਪਣੀ ਸਕਾਰਪੀਓ ਗੱਡੀ ਵਿੱਚ ਮੌਜੂਦ ਸੀ, ਜਦੋਂ ਫੁੱਲਾਂਵਾਲ ਚੌਕ ਤੋਂ ਜੇ-ਬਲਾਕ ਮਾਲ ਦੇ ਨੇੜੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।ਅਚਾਨਕ ਹੋਏ ਇਸ ਹਮਲੇ ਵਿੱਚ ਰਾਹੁਲ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦੋ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਛਾਤੀ ਅਤੇ ਦੂਜੀ ਪਿੱਠ ਵਿੱਚ ਲੱਗੀ।
DMC ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ
ਗੋਲੀਆਂ ਲੱਗਣ ਤੋਂ ਬਾਅਦ ਰਾਹੁਲ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।ਮਿਲੀ ਜਾਣਕਾਰੀ ਮੁਤਾਬਕ, ਰਾਤ ਕਰੀਬ 11:55 ਵਜੇ ਰਾਹੁਲ ਦੀ ਮੌਤ ਹੋ ਗਈ। ਪਰਿਵਾਰ ਨੂੰ ਇਸ ਦੁਖਦਾਈ ਘਟਨਾ ਬਾਰੇ ਲਗਭਗ ਰਾਤ 12:30 ਵਜੇ ਪਤਾ ਲੱਗਾ।
ਰਾਹੁਲ ਦੇ ਪਰਿਵਾਰ ਨੂੰ ਉਸ ਦੀ ਹਾਲਤ ਬਾਰੇ ਉਸ ਦੇ ਦੋਸਤਾਂ ਵੱਲੋਂ ਫ਼ੋਨ ਕਰਕੇ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਦੋਸਤਾਂ ਨੇ ਉਸ ਦੇ ਜੀਜੇ ਨੂੰ ਫ਼ੋਨ ਕਰਕੇ ਹਸਪਤਾਲ ਪਹੁੰਚਣ ਲਈ ਕਿਹਾ।ਪਰਿਵਾਰਕ ਮੈਂਬਰ ਜਦੋਂ ਘਬਰਾਏ ਹੋਏ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਰਾਹੁਲ ਦੀ ਮੌਤ ਬਾਰੇ ਪਤਾ ਲੱਗਾ। ਜਵਾਨ ਪੁੱਤਰ ਦੀ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ
ਰਾਹੁਲ ਸ਼ਰਮਾ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਪਤਨੀ, ਮਾਤਾ-ਪਿਤਾ ਅਤੇ ਇੱਕ ਵਿਆਹੀ ਹੋਈ ਭੈਣ ਹੈ। ਇਸ ਵਾਰਦਾਤ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਪੁਲਿਸ ਵੱਲੋਂ ਕਤਲ ਦੇ ਕਾਰਨਾਂ ਦੀ ਜਾਂਚ
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਕਿ ਹਮਲੇ ਤੋਂ ਪਹਿਲਾਂ ਕੋਈ ਝਗੜਾ ਹੋਇਆ ਸੀ ਜਾਂ ਇਸ ਕਤਲ ਪਿੱਛੇ ਕੋਈ ਹੋਰ ਕਾਰਨ ਸੀ।ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਘਟਨਾ ਨਾਲ ਜੁੜੇ ਹੋਰ ਵੇਰਵੇ ਸਾਹਮਣੇ ਆ ਸਕਣਗੇ।
ਲੁਧਿਆਣਾ ਵਿੱਚ ਵਾਪਰੀ ਇਸ ਵਾਰਦਾਤ ਨੇ ਇੱਕ ਵਾਰ ਫਿਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਜਲਦੀ ਸੁਲਝਾਉਂਦੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਦੋਂ ਹੁੰਦੀ ਹੈ।
