ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੀ ਤੁਲਨਾ ਇੱਕ ਕੁਸ਼ਲ ਡਾਕਟਰ ਨਾਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਗਰੂਰ ਦੇ ਲੋਕਾਂ ਅਤੇ ਵਪਾਰੀਆਂ ਨੂੰ ਇੱਕ ਅਜਿਹਾ ਵਿਅਕਤੀ ਦਿੱਤਾ ਹੈ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਸਮਰੱਥ ਹੈ। ਹੁਣ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਆਗੂ ਨੂੰ ਸਮਰਥਨ ਦੇਣ।
90 ਫ਼ੀਸਦੀ ਸਮੱਸਿਆਵਾਂ ਅਰਵਿੰਦ ਖੰਨਾ ਹੱਲ ਕਰਨਗੇ: ਸੁਖਬੀਰ ਬਾਦਲ
ਵਪਾਰੀਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਗਰੂਰ ਦੇ ਉਦਯੋਗਪਤੀਆਂ ਅਤੇ ਆਮ ਲੋਕਾਂ ਦੀਆਂ 90 ਫ਼ੀਸਦੀ ਸਮੱਸਿਆਵਾਂ ਅਰਵਿੰਦ ਖੰਨਾ ਹੱਲ ਕਰ ਸਕਦੇ ਹਨ, ਜਦਕਿ ਬਾਕੀ 10 ਫ਼ੀਸਦੀ ਸਮੱਸਿਆਵਾਂ ਲਈ ਉਹ ਖੁਦ ਹਮੇਸ਼ਾ ਉਪਲੱਬਧ ਰਹਿਣਗੇ।ਉਨ੍ਹਾਂ ਅਰਵਿੰਦ ਖੰਨਾ ਨਾਲ ਆਪਣੇ ਨਿੱਜੀ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਖ਼ਾਸ ਦੋਸਤ ਹਨ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਇਮਾਨਦਾਰ ਅਤੇ ਲੋਕਾਂ ਦੀ ਸੇਵਾ ਕਰਨ ਵਾਲਾ ਆਗੂ ਵੀ ਦੱਸਿਆ।
ਕੀ ਅਕਾਲੀ ਸਰਕਾਰ ਬਣਨ ‘ਤੇ ਅਰਵਿੰਦ ਖੰਨਾ ਬਣਨਗੇ ਉਦਯੋਗ ਮੰਤਰੀ?
ਸਮਾਗਮ ਦੌਰਾਨ ਉਸ ਸਮੇਂ ਸਿਆਸੀ ਚਰਚਾ ਹੋਰ ਤੇਜ਼ ਹੋ ਗਈ, ਜਦੋਂ ਉਦਯੋਗ ਜਗਤ ਵੱਲੋਂ ਪੰਜਾਬ ਦੀ ਨਵੀਂ ਇੰਡਸਟਰੀਅਲ ਪਾਲਿਸੀ ਬਣਾਉਣ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸਿੱਧੀ ਭਾਗੀਦਾਰੀ ਦੀ ਮੰਗ ਰੱਖੀ ਗਈ।ਇੰਡਸਟਰੀ ਚੈਂਬਰ ਦੇ ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ ਨੇ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹਰ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਨਵੀਂ ਉਦਯੋਗਿਕ ਨੀਤੀ ਤਿਆਰ ਕਰਨ ਵਾਲੀ ਕੋਰ ਟੀਮ ਵਿੱਚ ਸ਼ਾਮਲ ਕੀਤਾ ਜਾਵੇ।
ਇਸ ਮੰਗ ‘ਤੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਨੂੰ ਲੈ ਕੇ ਵੱਡੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਕੀ ਪਤਾ, ਜੇਕਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਨਵੀਂ ਇੰਡਸਟਰੀਅਲ ਪਾਲਿਸੀ ਹੀ ਅਰਵਿੰਦ ਖੰਨਾ ਦੇ ਹੱਥੋਂ ਤਿਆਰ ਕਰਵਾਈ ਜਾਵੇ।ਉਨ੍ਹਾਂ ਦੇ ਇਸ ਬਿਆਨ ਨੂੰ ਅਰਵਿੰਦ ਖੰਨਾ ਨੂੰ ਭਵਿੱਖ ਵਿੱਚ ਅਹਿਮ ਜ਼ਿੰਮੇਵਾਰੀ ਦੇਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੂੰ ਉਦਯੋਗ ਮੰਤਰੀ ਬਣਾਉਣ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਸੰਗਰੂਰ ਦੇ ਵਪਾਰੀਆਂ ਨਾਲ ਕੀਤੀ ਗੱਲਬਾਤ
ਵਪਾਰੀ ਮਿਲਣ ਸਮਾਗਮ ਦੌਰਾਨ ਸੰਗਰੂਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਰੱਖੇ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਦਯੋਗ ਅਤੇ ਵਪਾਰ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇਗੀ।
ਇਸ ਸਮਾਗਮ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਅਤੇ ਸੰਭਾਵੀ ਚਿਹਰਿਆਂ ਨੂੰ ਲੈ ਕੇ ਰਣਨੀਤੀ ਤਿਆਰ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸੁਖਬੀਰ ਬਾਦਲ ਅਰਵਿੰਦ ਖੰਨਾ ਨੂੰ ਲੈ ਕੇ ਕੀ ਸਿਆਸੀ ਫ਼ੈਸਲਾ ਲੈਂਦੇ ਹਨ।
