Canva ਦੀ CEO ਮੇਲਾਨੀ ਪਰਕਿਨਜ਼ ਨੇ ਇਸ ਛਾਂਟੀ ਨੂੰ ਕੰਪਨੀ ਦੇ ਇਤਿਹਾਸ ਦੇ ਸਭ ਤੋਂ ਮੁਸ਼ਕਲ ਫੈਸਲਿਆਂ ਵਿੱਚੋਂ ਇੱਕ ਦੱਸਿਆ ਹੈ। ਉਨ੍ਹਾਂ ਨੇ ਅੰਦਰੂਨੀ ਮੈਮੋ ਰਾਹੀਂ ਪ੍ਰਭਾਵਿਤ ਕਰਮਚਾਰੀਆਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਫੈਸਲੇ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਉਨ੍ਹਾਂ ਨੂੰ ਡੂੰਘਾ ਅਫ਼ਸੋਸ ਹੈ।
ਦੱਸ ਦੇਈਏ ਕਿ Canva ਦੇ ਦੁਨੀਆ ਭਰ ਦੇ 37 ਦੇਸ਼ਾਂ ਵਿੱਚ 5,700 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਹੜੇ ਦੇਸ਼ਾਂ ਜਾਂ ਵਿਭਾਗਾਂ ਦੇ ਕਰਮਚਾਰੀ ਇਸ ਛਾਂਟੀ ਨਾਲ ਪ੍ਰਭਾਵਿਤ ਹੋਣਗੇ।
ਨੌਕਰੀ ਜਾਣ ਤੋਂ ਬਾਅਦ ਵੀ ਆਪਣੇ ਕੋਲ ਰੱਖ ਸਕਣਗੇ MacBook
Canva ਵੱਲੋਂ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਲਈ ਕਈ ਖਾਸ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਨੌਕਰੀ ਛੱਡਣ ਤੋਂ ਬਾਅਦ ਵੀ ਕਰਮਚਾਰੀ ਕੰਪਨੀ ਦੇ MacBook ਆਪਣੇ ਕੋਲ ਰੱਖ ਸਕਣਗੇ।ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਸਾਲ ਲਈ LinkedIn Premium ਦੀ ਮੁਫ਼ਤ ਮੈਂਬਰਸ਼ਿਪ ਵੀ ਦਿੱਤੀ ਜਾਵੇਗੀ। ਕੰਪਨੀ ਵੱਲੋਂ ਨਵੀਂ ਨੌਕਰੀ ਲੱਭਣ ਲਈ ਕਰੀਅਰ ਕੋਚਿੰਗ, ਇੰਟਰਵਿਊ ਦੀ ਤਿਆਰੀ ਅਤੇ ਰਿਜ਼ਿਊਮੇ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ।
ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ ਅਤੇ ਇੱਕ ਸਾਲ ਤੱਕ ਸਿਹਤ ਬੀਮਾ
ਕੰਪਨੀ ਵੱਲੋਂ ਪ੍ਰਭਾਵਿਤ ਹੋਣ ਵਾਲੇ ਹਰੇਕ ਕਰਮਚਾਰੀ ਨੂੰ ਘੱਟੋ-ਘੱਟ 6 ਮਹੀਨਿਆਂ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਸਬੰਧਤ ਦੇਸ਼ ਦੇ ਕਾਨੂੰਨਾਂ ਅਨੁਸਾਰ ਮਿਲਣ ਵਾਲੇ ਹੋਰ ਲਾਭ ਵੀ ਸ਼ਾਮਲ ਹੋਣਗੇ।ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਵਿੱਚ ਕੰਪਨੀ ਵੱਲੋਂ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ, ਉੱਥੇ ਪ੍ਰਭਾਵਿਤ ਕਰਮਚਾਰੀਆਂ ਨੂੰ 12 ਮਹੀਨਿਆਂ ਤੱਕ ਹੈਲਥਕੇਅਰ ਕਵਰੇਜ ਮਿਲਦੀ ਰਹੇਗੀ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਸਾਲ ਤੱਕ Canva Care ਸਹਾਇਤਾ ਪ੍ਰੋਗਰਾਮ ਦਾ ਲਾਭ ਵੀ ਦਿੱਤਾ ਜਾਵੇਗਾ।
ਕੰਪਨੀ ਨੇ ਉਨ੍ਹਾਂ ਕਰਮਚਾਰੀਆਂ ਲਈ ਸ਼ੇਅਰ ਪ੍ਰਾਪਤ ਕਰਨ ਦੀ ਇੱਕ ਸਾਲ ਦੀ ਲਾਜ਼ਮੀ ਸ਼ਰਤ ਵੀ ਹਟਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਕੰਪਨੀ ਵਿੱਚ ਇੱਕ ਸਾਲ ਤੋਂ ਘੱਟ ਸਮਾਂ ਕੰਮ ਕੀਤਾ ਹੈ। ਇਸ ਨਾਲ ਉਹ ਨਿਰਧਾਰਤ ਸ਼ਰਤਾਂ ਅਨੁਸਾਰ ਆਪਣੇ ਯੋਗ ਕੰਪਨੀ ਸ਼ੇਅਰ ਪ੍ਰਾਪਤ ਕਰ ਸਕਣਗੇ।
ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮਿਲੇਗੀ 10 ਹਜ਼ਾਰ ਡਾਲਰ ਦੀ ਗ੍ਰਾਂਟ
Canva ਵੱਲੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਦੇ ਨਾਲ-ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਇਸ ਲਈ ਕੰਪਨੀ ਨੇ ‘Canva Collective Fund’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਯੋਜਨਾ ਤਹਿਤ ਜਿਹੜੇ ਕਰਮਚਾਰੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣੇ ਇਲਾਕੇ ਵਿੱਚ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 10,000 ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ।
ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਰਕਮ ਦੇ ਬਦਲੇ Canva ਕਿਸੇ ਵੀ ਪ੍ਰੋਜੈਕਟ ਵਿੱਚ ਮਾਲਕੀ ਜਾਂ ਹਿੱਸੇਦਾਰੀ ਦੀ ਮੰਗ ਨਹੀਂ ਕਰੇਗੀ। ਇਸ ਗ੍ਰਾਂਟ ਲਈ ਦਿਲਚਸਪੀ ਰੱਖਣ ਵਾਲੇ ਕਰਮਚਾਰੀ 14 ਦਸੰਬਰ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਕੰਪਨੀ ਪ੍ਰਭਾਵਿਤ ਕਰਮਚਾਰੀਆਂ ਦੀ ਇੱਕ ਡਾਇਰੈਕਟਰੀ ਵੀ ਤਿਆਰ ਕਰੇਗੀ, ਜਿਸ ਨੂੰ ਨਿਵੇਸ਼ਕਾਂ, ਕਾਰੋਬਾਰੀ ਭਾਈਵਾਲਾਂ ਅਤੇ ਕੰਪਨੀ ਦੇ ਉਦਯੋਗਿਕ ਨੈੱਟਵਰਕ ਨਾਲ ਸਾਂਝਾ ਕੀਤਾ ਜਾਵੇਗਾ। ਇਸ ਦਾ ਮਕਸਦ ਕਰਮਚਾਰੀਆਂ ਨੂੰ ਨਵੇਂ ਰੁਜ਼ਗਾਰ ਅਤੇ ਕਾਰੋਬਾਰੀ ਮੌਕੇ ਦਿਵਾਉਣਾ ਹੈ।
ਛਾਂਟੀ ਦੇ ਬਾਵਜੂਦ ਕਰਮਚਾਰੀਆਂ ਦੀ ਮਦਦ ਲਈ Canva ਦੀ ਪਹਿਲ
Canva ਵੱਲੋਂ 1,271 ਕਰਮਚਾਰੀਆਂ ਦੀ ਛਾਂਟੀ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਟੈਕਨਾਲੋਜੀ ਖੇਤਰ ਵਿੱਚ ਕਈ ਵੱਡੀਆਂ ਕੰਪਨੀਆਂ ਆਪਣੇ ਵਰਕਫੋਰਸ ਵਿੱਚ ਕਟੌਤੀ ਕਰ ਰਹੀਆਂ ਹਨ। ਹਾਲਾਂਕਿ, Canva ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ, ਨਵੀਂ ਨੌਕਰੀ ਲੱਭਣ ਵਿੱਚ ਮਦਦ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਇਸ ਫੈਸਲੇ ਤੋਂ ਬਾਅਦ ਕੰਪਨੀ ਵੱਲੋਂ ਕਰਮਚਾਰੀਆਂ ਲਈ ਐਲਾਨੀਆਂ ਗਈਆਂ ਸਹੂਲਤਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਨੌਕਰੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਕਰਨ ਲਈ ਦਿੱਤੀ ਜਾ ਰਹੀ ਮਦਦ ਦੀ ਵੀ ਚਰਚਾ ਹੋ ਰਹੀ ਹੈ।
