ਗ੍ਰੇਟਰ ਨੋਇਡਾ ਤੋਂ ਘੁੰਮਣ ਆਇਆ ਸੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਪਛਾਣ ਸ਼ੁਭਮ ਡੋਬਲਿਆਲ ਵਜੋਂ ਹੋਈ ਹੈ, ਜੋ ਗ੍ਰੇਟਰ ਨੋਇਡਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 26 ਸਾਲ ਸੀ। ਉਹ ਆਪਣੀ ਭੈਣ ਅਤੇ ਤਿੰਨ ਚਚੇਰੇ ਭਰਾਵਾਂ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਆਇਆ ਹੋਇਆ ਸੀ।ਸ਼ੁਭਮ ਨੇ ਬੀਰ-ਬਿਲਿੰਗ ਤੋਂ ਸਥਾਨਕ ਪੈਰਾਗਲਾਈਡਿੰਗ ਪਾਇਲਟ ਵਿਨੈ ਕੁਮਾਰ ਨਾਲ ਟੈਂਡਮ ਪੈਰਾਗਲਾਈਡਿੰਗ ਲਈ ਉਡਾਣ ਭਰੀ ਸੀ। ਪਰ ਇਹ ਸੈਰ ਉਸ ਲਈ ਆਖਰੀ ਸਫ਼ਰ ਸਾਬਤ ਹੋਈ।
ਉਡਾਣ ਭਰਨ ਦੇ 6 ਮਿੰਟਾਂ ਬਾਅਦ ਵਾਪਰਿਆ ਹਾਦਸਾ
ਸ਼ੁਰੂਆਤੀ ਜਾਣਕਾਰੀ ਮੁਤਾਬਕ, ਉਡਾਣ ਭਰਨ ਤੋਂ ਕਰੀਬ ਛੇ ਮਿੰਟ ਬਾਅਦ ਇਹ ਹਾਦਸਾ ਵਾਪਰਿਆ। ਸ਼ੁਭਮ ਨਿਰਧਾਰਤ ਲੈਂਡਿੰਗ ਸਥਾਨ ਦੇ ਨੇੜੇ ਇੱਕ ਸੰਘਣੇ ਜੰਗਲ ਵਿੱਚ ਅਚਾਨਕ ਡਿੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੈਰਾਗਲਾਈਡਿੰਗ ਪਾਇਲਟ ਵਿਨੈ ਕੁਮਾਰ ਸੁਰੱਖਿਅਤ ਤਰੀਕੇ ਨਾਲ ਜ਼ਮੀਨ ‘ਤੇ ਉਤਰ ਗਿਆ। ਇਸ ਤੋਂ ਬਾਅਦ ਉਸ ਨੇ ਹੋਰ ਪਾਇਲਟਾਂ ਨੂੰ ਸੂਚਿਤ ਕੀਤਾ ਕਿ ਉਸ ਦਾ ਯਾਤਰੀ ਪੈਰਾਗਲਾਈਡਰ ਤੋਂ ਡਿੱਗ ਗਿਆ ਹੈ।ਸੂਚਨਾ ਮਿਲਣ ਤੋਂ ਬਾਅਦ ਭਾਲ ਸ਼ੁਰੂ ਕੀਤੀ ਗਈ। ਦੇਰ ਸ਼ਾਮ ਸ਼ੁਭਮ ਦੀ ਲਾਸ਼ ਸੰਘਣੇ ਜੰਗਲ ਵਿੱਚੋਂ ਬਰਾਮਦ ਹੋਈ।
ਪਾਇਲਟ ਖ਼ਿਲਾਫ਼ FIR ਦਰਜ, ਪੁਲਿਸ ਕਰ ਰਹੀ ਜਾਂਚ
ਇਸ ਹਾਦਸੇ ਤੋਂ ਬਾਅਦ ਬੀੜ ਪੁਲਿਸ ਨੇ ਪੈਰਾਗਲਾਈਡਿੰਗ ਪਾਇਲਟ ਵਿਰੁੱਧ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਾਂਗੜਾ ਦੇ ਪੁਲਿਸ ਸੁਪਰਡੈਂਟ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ ਜਾਂਚਕਰਤਾ ਹਾਦਸੇ ਦੇ ਵੱਖ-ਵੱਖ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਕੀ ਉਡਾਣ ਦੌਰਾਨ ਸੈਲਾਨੀ ਦੀ ਸੁਰੱਖਿਆ ਬੈਲਟ ਢਿੱਲੀ ਹੋ ਗਈ ਸੀ ਜਾਂ ਟੁੱਟ ਗਈ ਸੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।
ਪਰਿਵਾਰ ਨੂੰ ਪਾਇਲਟ ਨੇ ਦਿੱਤੀ ਹਾਦਸੇ ਦੀ ਜਾਣਕਾਰੀ
ਮ੍ਰਿਤਕ ਦੇ ਚਚੇਰੇ ਭਰਾ ਮਨੀਸ਼ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਉਸੇ ਦਿਨ ਪੈਰਾਗਲਾਈਡਿੰਗ ਕਰਨ ਗਏ ਸਨ। ਉਨ੍ਹਾਂ ਨੂੰ ਇਸ ਦਰਦਨਾਕ ਹਾਦਸੇ ਬਾਰੇ ਉਸ ਸਮੇਂ ਪਤਾ ਲੱਗਾ, ਜਦੋਂ ਪਾਇਲਟ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਸ਼ੁਭਮ ਪੈਰਾਗਲਾਈਡਰ ਤੋਂ ਡਿੱਗ ਗਿਆ ਹੈ।
ਇਸ ਘਟਨਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਬੀਰ-ਬਿਲਿੰਗ ਵਰਗੇ ਮਸ਼ਹੂਰ ਪੈਰਾਗਲਾਈਡਿੰਗ ਸਥਾਨ ‘ਤੇ ਵਾਪਰੇ ਇਸ ਹਾਦਸੇ ਨੇ ਸੈਲਾਨੀਆਂ ਦੀ ਸੁਰੱਖਿਆ ਅਤੇ ਉਡਾਣ ਦੌਰਾਨ ਵਰਤੇ ਜਾਣ ਵਾਲੇ ਸੁਰੱਖਿਆ ਉਪਕਰਨਾਂ ਦੀ ਜਾਂਚ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
