ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 11:50 ਵਜੇ ਵਾਪਰੀ। ਜੋਗਿੰਦਰ ਸਿੰਘ ਤਰਨਤਾਰਨ ਰੋਡ ਇਲਾਕੇ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਡਿਊਟੀ ‘ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣਾ ਪਿਸਤੌਲ ਸਾਫ਼ ਕਰਨਾ ਸ਼ੁਰੂ ਕੀਤਾ। ਅਚਾਨਕ ਹਥਿਆਰ ਵਿੱਚੋਂ ਗੋਲੀ ਚੱਲ ਗਈ ਅਤੇ ਉਨ੍ਹਾਂ ਦੇ ਸਿਰ ਵਿੱਚ ਲੱਗ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।
21 ਮਹੀਨਿਆਂ ਤੋਂ ਸੁਰੱਖਿਆ ਗਾਰਡ ਵਜੋਂ ਕਰ ਰਹੇ ਸਨ ਕੰਮ
ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਪਿਛਲੇ ਕਰੀਬ 21 ਮਹੀਨਿਆਂ ਤੋਂ ਸਾਹਿਲ ਮਹਾਜਨ ਕੋਲ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਦੁਪਹਿਰ 12 ਤੋਂ 12:30 ਵਜੇ ਦੇ ਵਿਚਕਾਰ ਸਾਹਿਲ ਮਹਾਜਨ ਦੇ ਘਰ ਪਹੁੰਚਣਾ ਸੀ।
ਪਰ ਇਸ ਤੋਂ ਪਹਿਲਾਂ ਹੀ ਸਵੇਰੇ ਕਰੀਬ 11:50 ਵਜੇ ਸਾਹਿਲ ਮਹਾਜਨ ਨੂੰ ਜੋਗਿੰਦਰ ਸਿੰਘ ਦੇ ਪੁੱਤਰ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਘਰ ਵਿੱਚ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ।ਸਾਹਿਲ ਮਹਾਜਨ ਨੇ ਜੋਗਿੰਦਰ ਸਿੰਘ ਨੂੰ ਨੇਕ ਦਿਲ ਅਤੇ ਚੰਗੇ ਸੁਭਾਅ ਵਾਲਾ ਇਨਸਾਨ ਦੱਸਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਧਰ ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਮੁੱਢਲੀ ਜਾਣਕਾਰੀ ਵਿੱਚ ਇਸ ਨੂੰ ਪਿਸਤੌਲ ਦੀ ਸਫ਼ਾਈ ਦੌਰਾਨ ਵਾਪਰਿਆ ਹਾਦਸਾ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਗੋਲੀ ਚੱਲਣ ਦੇ ਅਸਲ ਕਾਰਨਾਂ ਬਾਰੇ ਪੂਰੀ ਜਾਣਕਾਰੀ ਸਾਹਮਣੇ ਆਵੇਗੀ।
