ਕਦੋਂ ਮਿਲੇਗੀ 15 ਦਿਨਾਂ ਦੀ ਛੁੱਟੀ?
ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਵਿਆਹੇ ਹੋਏ ਪੁਰਸ਼ ਸਰਕਾਰੀ ਕਰਮਚਾਰੀ ਆਪਣੇ ਬੱਚੇ ਦੇ ਜਨਮ ਤੋਂ 15 ਦਿਨ ਪਹਿਲਾਂ ਇਹ ਛੁੱਟੀ ਲੈ ਸਕਣਗੇ। ਇਸ ਤੋਂ ਇਲਾਵਾ ਬੱਚੇ ਦੇ ਜਨਮ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਕਿਸੇ ਵੀ ਸਮੇਂ 15 ਦਿਨਾਂ ਦੀ ਛੁੱਟੀ ਲਈ ਜਾ ਸਕਦੀ ਹੈ।ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਕੋਲ ਆਪਣੀ ਸਹੂਲਤ ਮੁਤਾਬਕ ਛੁੱਟੀ ਲੈਣ ਦਾ ਵਿਕਲਪ ਹੋਵੇਗਾ, ਤਾਂ ਜੋ ਉਹ ਬੱਚੇ ਦੇ ਜਨਮ ਸਮੇਂ ਅਤੇ ਉਸ ਦੀ ਸ਼ੁਰੂਆਤੀ ਦੇਖਭਾਲ ਦੌਰਾਨ ਪਰਿਵਾਰ ਨਾਲ ਰਹਿ ਸਕਣ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ
ਤਾਮਿਲਨਾਡੂ ਸਰਕਾਰ ਮੁਤਾਬਕ ਪੁਰਸ਼ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਪਿਤਾ ਬਣਨ ‘ਤੇ ਛੁੱਟੀ ਦੀ ਮੰਗ ਕਰ ਰਹੇ ਸਨ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ।ਸਰਕਾਰ ਦਾ ਕਹਿਣਾ ਹੈ ਕਿ ਬੱਚੇ ਦੀ ਪਰਵਰਿਸ਼ ਸਿਰਫ਼ ਮਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪਿਤਾ ਦੀ ਭੂਮਿਕਾ ਵੀ ਉਨੀ ਹੀ ਮਹੱਤਵਪੂਰਨ ਹੈ। ਪੈਟਰਨਿਟੀ ਲੀਵ ਮਿਲਣ ਨਾਲ ਪਿਤਾ ਬੱਚੇ ਦੀ ਦੇਖਭਾਲ ਕਰਨ ਦੇ ਨਾਲ-ਨਾਲ ਮਾਂ ਨੂੰ ਵੀ ਸਰੀਰਕ ਅਤੇ ਭਾਵਨਾਤਮਕ ਸਹਾਰਾ ਦੇ ਸਕਣਗੇ।
ਮਹਿਲਾ ਮੁਲਾਜ਼ਮਾਂ ਨੂੰ ਮਿਲਦੀ ਹੈ 365 ਦਿਨਾਂ ਦੀ ਛੁੱਟੀ
ਦੱਸ ਦੇਈਏ ਕਿ ਤਾਮਿਲਨਾਡੂ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਪਹਿਲਾਂ ਹੀ 365 ਦਿਨਾਂ ਦੀ ਜਣੇਪਾ ਛੁੱਟੀ (Maternity Leave) ਦਿੱਤੀ ਜਾਂਦੀ ਹੈ। ਹੁਣ ਪੁਰਸ਼ ਕਰਮਚਾਰੀਆਂ ਲਈ ਵੀ 15 ਦਿਨਾਂ ਦੀ ਪੈਟਰਨਿਟੀ ਲੀਵ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।ਮੁੱਖ ਮੰਤਰੀ ਦਫ਼ਤਰ ਮੁਤਾਬਕ ਬੱਚੇ ਦੇ ਜਨਮ ਦੇ ਆਸ-ਪਾਸ ਦਾ ਸਮਾਂ ਮਾਂ ਅਤੇ ਬੱਚੇ ਦੋਵਾਂ ਲਈ ਬੇਹੱਦ ਅਹਿਮ ਹੁੰਦਾ ਹੈ। ਅਜਿਹੇ ਸਮੇਂ ਪਿਤਾ ਦੀ ਮੌਜੂਦਗੀ ਅਤੇ ਸਹਿਯੋਗ ਪਰਿਵਾਰ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ।
ਸਰਕਾਰ ਦੇ ਇਸ ਫੈਸਲੇ ਨੂੰ ਕੰਮਕਾਜੀ ਪਿਤਾਵਾਂ ਅਤੇ ਪਰਿਵਾਰਕ ਭਲਾਈ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
