Netflix ਨੂੰ 2025 ਦੀ ਐਡਵਾਈਜ਼ਰੀ ਯਾਦ ਕਰਵਾਈ
ਜਾਣਕਾਰੀ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix ਨੂੰ 8 ਮਈ 2025 ਨੂੰ ਜਾਰੀ ਕੀਤੀ ਗਈ ਸਰਕਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਐਡਵਾਈਜ਼ਰੀ ਵਿੱਚ ਭਾਰਤ ਵਿੱਚ ਕੰਮ ਕਰ ਰਹੇ OTT ਪਲੇਟਫਾਰਮਾਂ ਅਤੇ ਡਿਜੀਟਲ ਸਟ੍ਰੀਮਿੰਗ ਸੇਵਾਵਾਂ ਨੂੰ ਪਾਕਿਸਤਾਨ ਵਿੱਚ ਬਣੀ ਸਮੱਗਰੀ ਦੀ ਸਟ੍ਰੀਮਿੰਗ ਬੰਦ ਕਰਨ ਦੀ ਸਲਾਹ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਸਰਕਾਰ ਨੇ Netflix ਨੂੰ ਜੂਨ 2025 ਵਿੱਚ ਦਿੱਤੇ ਉਸ ਭਰੋਸੇ ਦੀ ਵੀ ਯਾਦ ਦਿਵਾਈ ਹੈ, ਜਿਸ ਵਿੱਚ ਕੰਪਨੀ ਨੇ ਕਿਹਾ ਸੀ ਕਿ ਭਾਰਤੀ ਗਾਹਕਾਂ ਲਈ ਪਾਕਿਸਤਾਨੀ ਮੂਲ ਦੀ ਕੋਈ ਵੀ ਫ਼ਿਲਮ ਜਾਂ ਵੈੱਬ ਸੀਰੀਜ਼ ਉਪਲਬਧ ਨਹੀਂ ਕਰਵਾਈ ਜਾ ਰਹੀ। ਹੁਣ ਮੰਤਰਾਲੇ ਨੇ Netflix ਨੂੰ ਆਪਣਾ ਇਹ ਭਰੋਸਾ ਬਰਕਰਾਰ ਰੱਖਣ ਲਈ ਕਿਹਾ ਹੈ।
ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਸੀਰੀਜ਼ ਨੂੰ ਲੈ ਕੇ ਵਿਵਾਦ
ਦਰਅਸਲ, ਇਹ ਪੂਰਾ ਮਾਮਲਾ ਪਾਕਿਸਤਾਨੀ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਨਾਲ ਜੁੜਿਆ ਹੋਇਆ ਹੈ। ਇਸ ਸੀਰੀਜ਼ ਵਿੱਚ ਫਵਾਦ ਖਾਨ, ਮਾਹਿਰਾ ਖਾਨ, ਸਨਮ ਸਈਦ ਅਤੇ ਹਾਨੀਆ ਆਮਿਰ ਸਮੇਤ ਕਈ ਪਾਕਿਸਤਾਨੀ ਕਲਾਕਾਰ ਨਜ਼ਰ ਆਉਣਗੇ।ਇਹ ਸੀਰੀਜ਼ ਪਾਕਿਸਤਾਨੀ ਲੇਖਿਕਾ ਫਰਹਤ ਇਸ਼ਤਿਆਕ ਦੇ ਨਾਵਲ ‘ਤੇ ਆਧਾਰਿਤ ਹੈ। ਇਸ ਦਾ ਗਲੋਬਲ ਪ੍ਰੀਮੀਅਰ 4 ਦਸੰਬਰ 2026 ਨੂੰ ਹੋਣਾ ਤੈਅ ਹੈ। ਹਾਲਾਂਕਿ, ਭਾਰਤ ਵਿੱਚ ਇਸ ਦੀ ਸਟ੍ਰੀਮਿੰਗ ਹੋਵੇਗੀ ਜਾਂ ਨਹੀਂ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਸਮੱਗਰੀ ‘ਤੇ ਲੱਗੀਆਂ ਸਨ ਪਾਬੰਦੀਆਂ
ਜ਼ਿਕਰਯੋਗ ਹੈ ਕਿ ਅਪ੍ਰੈਲ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ 8 ਮਈ 2025 ਨੂੰ ਭਾਰਤ ਸਰਕਾਰ ਨੇ OTT ਪਲੇਟਫਾਰਮਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ।ਇਸ ਵਿੱਚ ਪਾਕਿਸਤਾਨ ਵਿੱਚ ਬਣੀਆਂ ਵੈੱਬ ਸੀਰੀਜ਼, ਫ਼ਿਲਮਾਂ, ਗੀਤਾਂ, ਪੌਡਕਾਸਟ ਅਤੇ ਹੋਰ ਸਟ੍ਰੀਮਿੰਗ ਸਮੱਗਰੀ ਨੂੰ ਭਾਰਤ ਵਿੱਚ ਉਪਲਬਧ ਨਾ ਕਰਵਾਉਣ ਲਈ ਕਿਹਾ ਗਿਆ ਸੀ।
ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਕੀਤੀ ਸੀ ਪਾਬੰਦੀ ਦੀ ਮੰਗ
ਇਸ ਮਾਮਲੇ ਵਿੱਚ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਸੀਰੀਜ਼ ਦੀ ਭਾਰਤ ਵਿੱਚ ਰਿਲੀਜ਼ ਰੋਕਣ ਦੀ ਮੰਗ ਕੀਤੀ ਸੀ।ਦੋਵਾਂ ਜਥੇਬੰਦੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨੀ ਸਮੱਗਰੀ ਨੂੰ ਭਾਰਤੀ OTT ਪਲੇਟਫਾਰਮਾਂ ‘ਤੇ ਦਿਖਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਪਾਕਿਸਤਾਨੀ ਮੰਤਰੀ ਨੇ ਵੀ ਜਤਾਇਆ ਵਿਰੋਧ
ਦੂਜੇ ਪਾਸੇ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਇਸ ਸੀਰੀਜ਼ ‘ਤੇ ਭਾਰਤ ਵਿੱਚ ਪਾਬੰਦੀ ਲਾਉਣ ਦੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਲਾ, ਸੱਭਿਆਚਾਰ ਅਤੇ ਖੇਡਾਂ ਨੂੰ ਸਿਆਸੀ ਵਿਵਾਦਾਂ ਨਾਲ ਜੋੜਨ ‘ਤੇ ਸਵਾਲ ਚੁੱਕੇ ਹਨ।ਫਿਲਹਾਲ ਭਾਰਤ ਸਰਕਾਰ ਨੇ Netflix ਨੂੰ ਪਾਕਿਸਤਾਨੀ ਮੂਲ ਦੀ ਸਮੱਗਰੀ ਭਾਰਤ ਵਿੱਚ ਸਟ੍ਰੀਮ ਨਾ ਕਰਨ ਅਤੇ ਆਪਣੇ ਪੁਰਾਣੇ ਭਰੋਸੇ ‘ਤੇ ਕਾਇਮ ਰਹਿਣ ਲਈ ਕਿਹਾ ਹੈ। ਹੁਣ ਦੇਖਣਾ ਹੋਵੇਗਾ ਕਿ 4 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ਨੂੰ ਭਾਰਤੀ ਦਰਸ਼ਕ Netflix ‘ਤੇ ਦੇਖ ਸਕਣਗੇ ਜਾਂ ਨਹੀਂ।
