ਪਰ ਕਦੇ ਸੋਚਿਆ ਹੈ ਕਿ ਆਖ਼ਿਰ ਸਰਦੀਆਂ ਆਉਂਦੇ ਹੀ ਪਿੰਨੀਆਂ ਖਾਣ ਦਾ ਰਿਵਾਜ਼ ਕਿਉਂ ਸ਼ੁਰੂ ਹੋ ਜਾਂਦਾ ਹੈ? ਕੀ ਇਹ ਸਿਰਫ਼ ਸੁਆਦ ਲਈ ਖਾਧੀਆਂ ਜਾਂਦੀਆਂ ਸਨ ਜਾਂ ਇਸ ਪਿੱਛੇ ਕੋਈ ਖ਼ਾਸ ਵਜ੍ਹਾ ਵੀ ਸੀ?
ਦਰਅਸਲ, ਪਿੰਨੀਆਂ ਪੰਜਾਬ ਦੇ ਰਵਾਇਤੀ ਖਾਣ-ਪੀਣ ਦਾ ਅਹਿਮ ਹਿੱਸਾ ਰਹੀਆਂ ਹਨ। ਪੁਰਾਣੇ ਸਮੇਂ ਵਿੱਚ ਜਦੋਂ ਲੋਕ ਖੇਤਾਂ ਵਿੱਚ ਘੰਟਿਆਂਬੱਧੀ ਮਿਹਨਤ ਕਰਦੇ ਸਨ ਅਤੇ ਸਰਦੀਆਂ ਦੀ ਠੰਢ ਦਾ ਸਾਹਮਣਾ ਕਰਦੇ ਸਨ, ਤਾਂ ਉਨ੍ਹਾਂ ਦੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਸਨ, ਜੋ ਊਰਜਾ ਨਾਲ ਭਰਪੂਰ ਹੋਣ।ਇਸੇ ਕਰਕੇ ਦੇਸੀ ਘਿਓ, ਆਟਾ, ਗੁੜ, ਗੋਂਦ ਅਤੇ ਸੁੱਕੇ ਮੇਵਿਆਂ ਨੂੰ ਮਿਲਾ ਕੇ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਸਨ।
ਆਖ਼ਿਰ ਸਰਦੀਆਂ ਵਿੱਚ ਹੀ ਕਿਉਂ ਖਾਧੀਆਂ ਜਾਂਦੀਆਂ ਨੇ ਪਿੰਨੀਆਂ?
ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਨ੍ਹਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ। ਦੇਸੀ ਘਿਓ, ਗੁੜ, ਬਦਾਮ, ਕਾਜੂ, ਅਖਰੋਟ ਅਤੇ ਗੋਂਦ ਵਰਗੀਆਂ ਚੀਜ਼ਾਂ ਕੈਲੋਰੀ ਅਤੇ ਊਰਜਾ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਸਰਦੀਆਂ ਵਿੱਚ ਲੋਕ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਂਦੇ ਸਨ।
ਇਸ ਤੋਂ ਇਲਾਵਾ, ਪਿੰਨੀਆਂ ਨੂੰ ਇੱਕ ਵਾਰ ਤਿਆਰ ਕਰਕੇ ਕਈ ਦਿਨਾਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਸੀ। ਪੁਰਾਣੇ ਸਮੇਂ ਵਿੱਚ ਜਦੋਂ ਫਰਿੱਜ ਵਰਗੀਆਂ ਸਹੂਲਤਾਂ ਨਹੀਂ ਸਨ, ਤਾਂ ਇਹ ਘਰਾਂ ਵਿੱਚ ਰੱਖਣ ਲਈ ਇੱਕ ਵਧੀਆ ਮਿਠਾ ਪਕਵਾਨ ਸੀ।
ਦਾਦੀ-ਨਾਨੀ ਦੇ ਹੱਥਾਂ ਦੀਆਂ ਪਿੰਨੀਆਂ ਦਾ ਕੋਈ ਮੁਕਾਬਲਾ ਨਹੀਂ!
ਪਹਿਲਾਂ ਘਰਾਂ ਵਿੱਚ ਪਿੰਨੀਆਂ ਬਣਾਉਣਾ ਵੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਸੀ। ਦਾਦੀਆਂ-ਨਾਨੀਆਂ ਵੱਡੇ ਭਾਂਡਿਆਂ ਵਿੱਚ ਆਟਾ ਭੁੰਨਦੀਆਂ, ਉਸ ਵਿੱਚ ਦੇਸੀ ਘਿਓ, ਗੁੜ ਅਤੇ ਸੁੱਕੇ ਮੇਵੇ ਮਿਲਾਉਂਦੀਆਂ ਅਤੇ ਫਿਰ ਪਿਆਰ ਨਾਲ ਗੋਲ-ਗੋਲ ਪਿੰਨੀਆਂ ਤਿਆਰ ਕਰਦੀਆਂ ਸਨ।ਕਈ ਘਰਾਂ ਵਿੱਚ ਇਹ ਪਿੰਨੀਆਂ ਬੱਚਿਆਂ ਨੂੰ ਦੁੱਧ ਨਾਲ ਖਵਾਈਆਂ ਜਾਂਦੀਆਂ ਸਨ, ਜਦਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਸਨ।
ਸਮਾਂ ਬਦਲਿਆ, ਪਰ ਪਿੰਨੀਆਂ ਦਾ ਸੁਆਦ ਨਹੀਂ ਬਦਲਿਆ!
ਅੱਜ ਭਾਵੇਂ ਬਾਜ਼ਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਡਿਜ਼ਾਈਨਰ ਡੈਜ਼ਰਟ ਮਿਲਦੇ ਹਨ, ਪਰ ਸਰਦੀਆਂ ਵਿੱਚ ਦੇਸੀ ਘਿਓ ਦੀਆਂ ਪਿੰਨੀਆਂ ਦੀ ਮੰਗ ਅੱਜ ਵੀ ਬਣੀ ਹੋਈ ਹੈ।ਪਿੰਨੀਆਂ ਸਿਰਫ਼ ਇੱਕ ਮਿਠਾਈ ਨਹੀਂ, ਸਗੋਂ ਪੰਜਾਬ ਦੀਆਂ ਪੁਰਾਣੀਆਂ ਯਾਦਾਂ, ਘਰੇਲੂ ਪਰੰਪਰਾਵਾਂ ਅਤੇ ਦਾਦੀ-ਨਾਨੀ ਦੇ ਪਿਆਰ ਦੀ ਮਿੱਠੀ ਨਿਸ਼ਾਨੀ ਹਨ।ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਸਰਦੀਆਂ ਦਾ ਅਸਲੀ ਸੁਆਦ ਬਾਜ਼ਾਰ ਦੀਆਂ ਮਿਠਾਈਆਂ ਵਿੱਚ ਨਹੀਂ, ਸਗੋਂ ਦੇਸੀ ਘਿਓ ਨਾਲ ਬਣੀਆਂ ਘਰ ਦੀਆਂ ਪਿੰਨੀਆਂ ਵਿੱਚ ਹੈ…
