ਭਾਜਪਾ ਵੱਲੋਂ ਓ.ਬੀ.ਸੀ. ਮੋਰਚਾ ਦੀ ਨਵੀਂ ਟੀਮ ਦਾ ਐਲਾਨ ਕਰਦਿਆਂ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸੇ ਸੂਚੀ ਵਿੱਚ ਯੁਜਵੇਂਦਰ ਚਾਹਲ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਦਿੱਲੀ ਤੋਂ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਨਿਯੁਕਤੀ ਨਾਲ ਚਾਹਲ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ ਹੈ।
<
भाजपा परिवार में मुझे स्थान व मान-सम्मान देने के लिए आदरणीय प्रधानमंत्री श्री नरेंद्र मोदी जी, आदरणीय गृहमंत्री श्री अमित शाह जी, भाजपा
राष्ट्रीय अध्यक्ष श्री नितिन नवीन जी व ओबीसी मोर्चा के राष्ट्रीय अध्यक्ष श्री अमरपाल मौर्य जी का हार्दिक आभार प्रकट करता हूँ।🙏🏻— Yuzvendra Chahal (@yuzi_chahal) November 21, 2026
PM ਮੋਦੀ ਅਤੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸਾਂਝੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਓ.ਬੀ.ਸੀ. ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਮਰਪਾਲ ਮੌਰਿਆ ਦਾ ਧੰਨਵਾਦ ਕੀਤਾ।ਚਾਹਲ ਨੇ ਕਿਹਾ ਕਿ ਭਾਜਪਾ ਪਰਿਵਾਰ ਵਿੱਚ ਉਨ੍ਹਾਂ ਨੂੰ ਜਗ੍ਹਾ ਅਤੇ ਮਾਣ-ਸਨਮਾਨ ਦੇਣ ਲਈ ਉਹ ਸਾਰੇ ਸੀਨੀਅਰ ਆਗੂਆਂ ਦੇ ਧੰਨਵਾਦੀ ਹਨ।
ਇਸ ਨਿਯੁਕਤੀ ਤੋਂ ਬਾਅਦ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਚਾਹਲ ਪਾਰਟੀ ਦੀਆਂ ਸੰਗਠਨਾਤਮਕ ਗਤੀਵਿਧੀਆਂ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ, ਉਨ੍ਹਾਂ ਵੱਲੋਂ ਚੋਣ ਲੜਨ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਪਿਛਲੇ ਦੋ ਸਾਲਾਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ ਚਾਹਲ
ਯੁਜਵੇਂਦਰ ਚਾਹਲ ਨੇ ਜੂਨ 2016 ਵਿੱਚ ਭਾਰਤੀ ਟੀਮ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਵਨਡੇ ਅਤੇ ਟੀ-20 ਕ੍ਰਿਕਟ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਵੱਖਰੀ ਪਛਾਣ ਬਣਾਈ।
ਚਾਹਲ ਸਾਲ 2019 ਦੇ ਵਨਡੇ ਵਿਸ਼ਵ ਕੱਪ ਵਿੱਚ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਵਿੱਚ ਮੌਕੇ ਮਿਲਣੇ ਘੱਟ ਹੋ ਗਏ। ਉਨ੍ਹਾਂ ਨੇ ਅਗਸਤ 2023 ਵਿੱਚ ਭਾਰਤ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
ਇਸ ਤੋਂ ਇਲਾਵਾ, ਉਹ 2024 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸਕੁਐਡ ਵਿੱਚ ਵੀ ਸ਼ਾਮਲ ਸਨ, ਪਰ ਪੂਰੇ ਟੂਰਨਾਮੈਂਟ ਵਿੱਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਟੀ-20 ਕ੍ਰਿਕਟ ਵਿੱਚ 400 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼
ਯੁਜਵੇਂਦਰ ਚਾਹਲ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੇ ਅੰਕੜੇ ਕਾਫ਼ੀ ਪ੍ਰਭਾਵਸ਼ਾਲੀ ਰਹੇ ਹਨ। ਉਨ੍ਹਾਂ ਨੇ ਭਾਰਤ ਲਈ 72 ਵਨਡੇ ਮੈਚਾਂ ਵਿੱਚ 121 ਵਿਕਟਾਂ ਅਤੇ 80 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 96 ਵਿਕਟਾਂ ਹਾਸਲ ਕੀਤੀਆਂ ਹਨ।ਚਾਹਲ ਟੀ-20 ਕ੍ਰਿਕਟ ਵਿੱਚ 400 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਵੀ ਬਣੇ ਹਨ। ਇਸ ਤੋਂ ਇਲਾਵਾ, ਉਹ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ ਹਨ।
ਉਨ੍ਹਾਂ ਨੇ ਆਈ.ਪੀ.ਐੱਲ. ਵਿੱਚ 188 ਮੈਚ ਖੇਡਦਿਆਂ 233 ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਹ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵੱਲੋਂ ਖੇਡ ਚੁੱਕੇ ਹਨ।
ਹਾਲ ਹੀ ਵਿੱਚ ਚਾਹਲ ਨੇ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਪਰ ਉਹ ਸਫੈਦ ਗੇਂਦ ਵਾਲੇ ਕ੍ਰਿਕਟ ਫਾਰਮੈਟਾਂ ਵਿੱਚ ਖੇਡਣਾ ਜਾਰੀ ਰੱਖਣਾ ਚਾਹੁੰਦੇ ਹਨ। ਹੁਣ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਨੇ ਖੇਡ ਅਤੇ ਸਿਆਸੀ ਜਗਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
