ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਸੂਬੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਦਲ ਬਦਲਣ ਦੀਆਂ ਚਰਚਾਵਾਂ ਵਿਚਾਲੇ ਭਾਰਤੀ ਜਨਤਾ ਪਾਰਟੀ (BJP) ਨੇ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਭਾਜਪਾ ਵੱਲੋਂ ਪੰਜਾਬ ਵਿੱਚ ਨਵੀਂ 6 ਮੈਂਬਰੀ ਜੁਆਇਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਸ ਕਮੇਟੀ ਦੀ ਕਮਾਨ ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਨੂੰ ਸੌਂਪੀ ਗਈ ਹੈ। ਇਹ ਕਮੇਟੀ ਦੂਜੀਆਂ ਸਿਆਸੀ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨਾਲ ਜੁੜੀ ਪ੍ਰਕਿਰਿਆ ਨੂੰ ਦੇਖੇਗੀ।
ਸੰਦੀਪ ਪਾਠਕ ਸਮੇਤ 6 ਆਗੂਆਂ ਨੂੰ ਮਿਲੀ ਜਗ੍ਹਾ
ਭਾਜਪਾ ਦੀ ਇਸ ਨਵੀਂ ਜੁਆਇਨਿੰਗ ਕਮੇਟੀ ਵਿੱਚ ਕੁੱਲ 6 ਮੈਂਬਰ ਸ਼ਾਮਲ ਕੀਤੇ ਗਏ ਹਨ। ਕਮੇਟੀ ਦੇ ਮੁਖੀ ਜੰਗੀ ਲਾਲ ਮਹਾਜਨ ਹੋਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਵੀ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ।ਕਮੇਟੀ ਦੇ ਹੋਰ ਮੈਂਬਰਾਂ ਵਿੱਚ ਰਾਕੇਸ਼ ਰਾਠੌਰ, ਗੇਜਾ ਰਾਮ ਵਾਲਮੀਕਿ, ਦਿਆਲ ਸੋਢੀ ਅਤੇ ਰੀਨਾ ਜੇਤਲੀ ਦੇ ਨਾਮ ਸ਼ਾਮਲ ਹਨ। ਇਹ ਛੇ ਮੈਂਬਰੀ ਟੀਮ ਪੰਜਾਬ ਵਿੱਚ ਭਾਜਪਾ ਨਾਲ ਜੁੜਨ ਦੇ ਚਾਹਵਾਨ ਨਵੇਂ ਆਗੂਆਂ ਅਤੇ ਵਰਕਰਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗੀ।
<
ਭਾਜਪਾ ਪਰਿਵਾਰ ਵਿੱਚ ਦਿਨੋ-ਦਿਨ ਹੋ ਰਹੇ ਵਾਧੇ ਨੂੰ ਵੇਖਦਿਆਂ, ਇਸ ਕੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਅੱਜ ਪੰਜਾਬ ਦੀ ਨਵੀਂ ਜੁਆਇਨਿੰਗ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਕਮੇਟੀ ਰਾਹੀਂ ਪਾਰਟੀ ਨਾਲ ਜੁੜਨ ਵਾਲੇ ਨਵੇਂ ਸਾਥੀਆਂ ਦਾ ਸਵਾਗਤ ਹੋਵੇਗਾ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੀਂ ਦਿਸ਼ਾ ਮਿਲੇਗੀ।
ਮਜ਼ਬੂਤ ਭਾਜਪਾ = ਖ਼ੁਸ਼ਹਾਲ ਤੇ ਸੁਰੱਖਿਅਤ ਪੰਜਾਬ।
@narendramodi @AmitShah @NitinNabin @BJP4India
— Kewal Singh Dhillon (@KewalDhillonPB) November 22, 2026
ਕੇਵਲ ਸਿੰਘ ਢਿੱਲੋਂ ਨੇ ਕੀਤਾ ਕਮੇਟੀ ਦਾ ਐਲਾਨ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਖ਼ੁਦ ਇਸ ਨਵੀਂ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਰਿਵਾਰ ਵਿੱਚ ਲਗਾਤਾਰ ਨਵੇਂ ਲੋਕ ਸ਼ਾਮਲ ਹੋ ਰਹੇ ਹਨ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਬਿਹਤਰ ਢੰਗ ਨਾਲ ਚਲਾਉਣ ਲਈ ਨਵੀਂ ਜੁਆਇਨਿੰਗ ਕਮੇਟੀ ਬਣਾਈ ਗਈ ਹੈ।ਉਨ੍ਹਾਂ ਮੁਤਾਬਕ, ਇਹ ਕਮੇਟੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਸਾਥੀਆਂ ਦਾ ਸਵਾਗਤ ਕਰੇਗੀ ਅਤੇ ਪੰਜਾਬ ਵਿੱਚ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰੇਗੀ।
2027 ਚੋਣਾਂ ਤੋਂ ਪਹਿਲਾਂ BJP ਦੀ ਸੰਗਠਨ ਮਜ਼ਬੂਤੀ ‘ਤੇ ਨਜ਼ਰ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅਜਿਹੇ ਵਿੱਚ ਭਾਜਪਾ ਵੱਲੋਂ 6 ਮੈਂਬਰੀ ਜੁਆਇਨਿੰਗ ਕਮੇਟੀ ਬਣਾਉਣਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਕਮੇਟੀ ਆਉਣ ਵਾਲੇ ਸਮੇਂ ਵਿੱਚ ਦੂਜੀਆਂ ਪਾਰਟੀਆਂ ਦੇ ਕਿੰਨੇ ਆਗੂਆਂ ਨੂੰ ਭਾਜਪਾ ਨਾਲ ਜੋੜਨ ਵਿੱਚ ਸਫਲ ਰਹਿੰਦੀ ਹੈ।
