ਹਰਦਿਆਲ ਸਿੰਘ ਕੰਬੋਜ ਕਾਂਗਰਸ ਦੀ 2027 ਦੀ ਚੋਣ ਮੈਨੀਫੈਸਟੋ ਕਮੇਟੀ ਦੇ ਸਹਿ-ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪਾਰਟੀ ਛੱਡਣਾ ਪੰਜਾਬ ਕਾਂਗਰਸ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਨਾਇਬ ਸਿੰਘ ਸੈਣੀ ਅਤੇ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ ਕੰਬੋਜ
ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਇੱਕ ਸਮਾਗਮ ਦੌਰਾਨ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੌਜੂਦ ਰਹੇ।
ਇਸ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਪੰਜਾਬ ਭਾਜਪਾ ਦੇ ਮੀਡੀਆ ਹੈੱਡ ਵਿਨੀਤ ਜੋਸ਼ੀ ਅਤੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
‘ਕੰਬੋਜ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਹਨ’ : CM ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਦਿਆਲ ਸਿੰਘ ਕੰਬੋਜ ਦਾ ਭਾਜਪਾ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਆਧਾਰ ਵਾਲਾ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਕੰਬੋਜ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਹਨ।
ਸੈਣੀ ਮੁਤਾਬਕ ਕੰਬੋਜ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਜ਼ਬੂਤ ਭਾਜਪਾ ਸਰਕਾਰ ਚਾਹੁੰਦੇ ਹਨ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ। ਸੈਣੀ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ 2029 ਤੱਕ ਖੁਸ਼ਹਾਲ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗਾਰੰਟੀ ਦਿੰਦੀ ਹੈ।
ਕੇਵਲ ਸਿੰਘ ਢਿੱਲੋਂ ਨੇ ਕੰਬੋਜ ਦਾ ਕੀਤਾ ਸਵਾਗਤ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੀ ਟੀਮ ਦਾ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਕੰਬੋਜ ਨਾਲ ਕੰਮ ਕਰਨ ਦੌਰਾਨ ਉਨ੍ਹਾਂ ਨੇ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਅਤੇ ਸਮਰਪਣ ਨੂੰ ਨੇੜਿਓਂ ਦੇਖਿਆ ਹੈ।ਢਿੱਲੋਂ ਨੇ ਕਿਹਾ ਕਿ ਅਜਿਹੇ ਤਜਰਬੇਕਾਰ ਅਤੇ ਸੂਝਵਾਨ ਆਗੂ ਦਾ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਮਾਣ ਵਾਲੀ ਗੱਲ ਹੈ।
ਭਾਜਪਾ ਦਾ ਵੱਧਦਾ ਪਰਿਵਾਰ
2 ਵਾਰ ਦੇ ਵਿਧਾਇਕ ਹਰਦਿਆਲ ਕੰਬੋਜ਼
ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਿਲ https://t.co/VVfvMY6v0B— BJP PUNJAB (@BJP4Punjab) November 19, 2026
ਨਸ਼ਾ ਅਤੇ ਗੈਂਗਸਟਰਵਾਦ ਤੋਂ ਭਾਜਪਾ ਹੀ ਪੰਜਾਬ ਨੂੰ ਬਚਾ ਸਕਦੀ ਹੈ : ਹਰਦਿਆਲ ਸਿੰਘ ਕੰਬੋਜ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰਦਿਆਲ ਸਿੰਘ ਕੰਬੋਜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਬਹੁਤ ਮਾੜੀ ਹਾਲਤ ਵਿੱਚ ਪਹੁੰਚਾ ਦਿੱਤਾ ਹੈ।
ਕੰਬੋਜ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਗੈਂਗਸਟਰਵਾਦ, ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਮੁਕਤੀ ਭਾਜਪਾ ਹੀ ਦਿਵਾ ਸਕਦੀ ਹੈ। ਉਨ੍ਹਾਂ ਨੇ ਓਬੀਸੀ ਵਰਗ ਦੇ ਮੁੱਦੇ ’ਤੇ ਵੀ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਓਬੀਸੀ ਵਰਗ ਨੂੰ ਜਿੰਨਾ ਮਾਣ-ਸਤਿਕਾਰ ਭਾਜਪਾ ਦੇ ਸਕਦੀ ਹੈ, ਕਾਂਗਰਸ ਇਸ ਬਾਰੇ ਸੋਚ ਵੀ ਨਹੀਂ ਸਕਦੀ। ਇਸੇ ਕਾਰਨ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਕੌਣ ਹਨ ਹਰਦਿਆਲ ਸਿੰਘ ਕੰਬੋਜ?
ਹਰਦਿਆਲ ਸਿੰਘ ਕੰਬੋਜ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ 2012 ਅਤੇ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਆਪਣੀ ਸਿਆਸੀ ਯਾਤਰਾ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ ਸੀ ਅਤੇ ਜਨਵਰੀ 1997 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ 1989 ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। 1998 ਵਿੱਚ ਉਹ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ), ਪਟਿਆਲਾ ਦੇ ਪ੍ਰਧਾਨ ਬਣੇ ਅਤੇ 2018 ਤੱਕ ਇਸ ਅਹੁਦੇ ’ਤੇ ਰਹੇ।
2015 ਵਿੱਚ ਉਹ ਏ.ਆਈ.ਸੀ.ਸੀ. ਮੈਂਬਰ ਅਤੇ 2021 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਰਾਜ ਚੋਣ ਬੋਰਡ ਦੇ ਪ੍ਰਸ਼ਾਸਕੀ ਮੈਂਬਰ ਵਜੋਂ ਵੀ ਕੰਮ ਕੀਤਾ। 2026 ਵਿੱਚ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਕਮੇਟੀ ਦਾ ਸਹਿ-ਚੇਅਰਮੈਨ ਨਾਮਜ਼ਦ ਕੀਤਾ ਸੀ।
ਕੰਬੋਜ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਪ੍ਰਮੁੱਖ ਆਗੂ
ਹਰਦਿਆਲ ਸਿੰਘ ਕੰਬੋਜ ਦੇ ਨਾਲ ਕਈ ਸਾਬਕਾ ਚੇਅਰਮੈਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਅਹੁਦੇਦਾਰ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਪ੍ਰਮੁੱਖ ਨਾਮ ਹਨ:
- ਬਲਦੇਵ ਸਿੰਘ ਗੱਡੋ ਮਾਜਰਾ – ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ ਅਤੇ ਬਲਾਕ ਕਾਂਗਰਸ ਰਾਜਪੁਰਾ ਦੇ ਪ੍ਰਧਾਨ।
- ਅਮਨਦੀਪ ਸਿੰਘ ਨਾਗੀ – ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ।
- ਲਖਵੀਰ ਸਿੰਘ – ਮਾਰਕੀਟ ਕਮੇਟੀ ਬਨੂੜ ਦੇ ਸਾਬਕਾ ਚੇਅਰਮੈਨ।
- ਜਗਤਾਰ ਸਿੰਘ – ਨਗਰ ਕੌਂਸਲ ਬਨੂੜ ਦੇ ਸਾਬਕਾ ਪ੍ਰਧਾਨ।
- ਮਲਕੀਤ ਸਿੰਘ – ਲੈਂਡ ਮੋਰਟਗੇਜ ਬੈਂਕ ਰਾਜਪੁਰਾ ਦੇ ਸਾਬਕਾ ਚੇਅਰਮੈਨ।
- ਆਰਤੀ ਦੇਵੀ – ਬਲਾਕ ਸੰਮਤੀ ਮੈਂਬਰ ਅਤੇ ਮਹਿਲਾ ਕਾਂਗਰਸ ਰਾਜਪੁਰਾ ਦੀ ਪ੍ਰਧਾਨ।
- ਨਿਰਭੈ ਸਿੰਘ – ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਸਾਬਕਾ ਪ੍ਰਧਾਨ।
- ਨਵਦੀਪ ਸੈਣੀ – ਯੂਥ ਕਾਂਗਰਸ ਰਾਜਪੁਰਾ ਦੇ ਪ੍ਰਧਾਨ।
- ਅੰਕੁਰ – ਯੂਥ ਕਾਂਗਰਸ ਸਿਟੀ ਰਾਜਪੁਰਾ ਦੇ ਪ੍ਰਧਾਨ।
- ਜੈ ਪ੍ਰਤਾਪ ਸਿੰਘ ਡੇਜ਼ੀ – ਮਾਰਕੀਟ ਕਮੇਟੀ ਪਾਤੜਾਂ/ਸ਼ੁਤਰਾਣਾ ਦੇ ਸਾਬਕਾ ਚੇਅਰਮੈਨ।
- ਸਰਬਜੀਤ ਸਿੰਘ ਮਾਣਕਪੁਰ – ਬਲਾਕ ਸੰਮਤੀ ਰਾਜਪੁਰਾ ਦੇ ਸਾਬਕਾ ਚੇਅਰਮੈਨ।
ਰਾਜਪੁਰਾ, ਬਨੂੜ, ਪਾਤੜਾਂ ਅਤੇ ਹੋਰ ਇਲਾਕਿਆਂ ਦੇ ਆਗੂ ਵੀ ਹੋਏ ਸ਼ਾਮਲ
ਇਨ੍ਹਾਂ ਤੋਂ ਇਲਾਵਾ ਰਾਜਪੁਰਾ ਤੋਂ ਕੌਂਸਲਰ ਅਮਿਤ ਕੁਮਾਰ, ਗੁਨੀਸ਼ ਜੀ ਅਤੇ ਨਰਿੰਦਰ ਸਿੰਘ ਜਰਗਰ/ਸ਼ਾਸਤਰੀ ਸਮੇਤ ਕਈ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਨਲਾਸ, ਨਲਾਸ ਰੋਡ ਅਤੇ ਬਨੂੜ ਇਲਾਕੇ ਤੋਂ ਵੀ ਕਾਂਗਰਸ ਨਾਲ ਜੁੜੇ ਕਈ ਅਹੁਦੇਦਾਰਾਂ ਨੇ ਪਾਰਟੀ ਛੱਡੀ।ਸ਼ੁਤਰਾਣਾ, ਪਾਤੜਾਂ, ਖੇੜਾ ਗੱਜੂ ਅਤੇ ਬੂਟਾ ਸਿੰਘ ਵਾਲਾ ਇਲਾਕਿਆਂ ਤੋਂ ਵੀ ਸਾਬਕਾ ਚੇਅਰਮੈਨ, ਬਲਾਕ ਯੂਥ ਕਾਂਗਰਸ ਦੇ ਅਹੁਦੇਦਾਰ, ਪੰਚ ਅਤੇ ਹੋਰ ਸਥਾਨਕ ਆਗੂ ਭਾਜਪਾ ਵਿੱਚ ਸ਼ਾਮਲ ਹੋਏ।ਇਸ ਤੋਂ ਇਲਾਵਾ ਧਰਮਗੜ੍ਹ, ਸਮਾਣਾ ਅਤੇ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਸਰਪੰਚ, ਪੰਚ, ਸਾਬਕਾ ਸਰਪੰਚ, ਸਾਬਕਾ ਕੌਂਸਲਰ ਅਤੇ ਬਲਾਕ ਸੰਮਤੀ ਮੈਂਬਰਾਂ ਨੇ ਵੀ ਭਾਜਪਾ ਦਾ ਪੱਲਾ ਫੜਿਆ।
2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ
ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ’ਤੇ ਅਹਿਮ ਘਟਨਾ ਹੈ। ਇਸ ਨਾਲ ਰਾਜਪੁਰਾ ਅਤੇ ਪਟਿਆਲਾ ਇਲਾਕੇ ਵਿੱਚ ਭਾਜਪਾ ਨੂੰ ਨਵਾਂ ਸਿਆਸੀ ਆਧਾਰ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕੰਬੋਜ ਦੀ ਸ਼ਮੂਲੀਅਤ ਨਾਲ ਪੰਜਾਬ ਦੀ ਸਿਆਸਤ ਅਤੇ ਖ਼ਾਸ ਕਰਕੇ ਕਾਂਗਰਸ ਦੀ ਚੋਣੀ ਰਣਨੀਤੀ ’ਤੇ ਕੀ ਅਸਰ ਪੈਂਦਾ ਹੈ।
