ਪਤਨੀ ਸਮੇਤ ਮੁੱਖ ਮੰਤਰੀ ਦੀ ਮੌਜੂਦਗੀ ‘ਚ ਕੀਤਾ ਦਾਨ
ਜਾਣਕਾਰੀ ਮੁਤਾਬਕ ਚੇਨਈ ਦੇ ਕਾਰੋਬਾਰੀ ਵਰਧਮਾਨ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੈਨ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਇਹ ਕੀਮਤੀ ਗਹਿਣੇ ਮੰਦਰ ਨੂੰ ਭੇਟ ਕੀਤੇ। ਇਸ ਦਾਨ ਵਿੱਚ 9 ਸੈੱਟਾਂ ਦੇ 45 ਗਹਿਣੇ ਸ਼ਾਮਲ ਹਨ, ਜਿਨ੍ਹਾਂ ਵਿੱਚ 238.2 ਕੈਰੇਟ ਦੇ ਹੀਰੇ ਵੀ ਜੜੇ ਹੋਏ ਹਨ।ਇਸ ਤੋਂ ਇਲਾਵਾ ਜੋੜੇ ਨੇ ਭਗਵਾਨ ਵੈਂਕਟੇਸ਼ਵਰ ਲਈ ਸੋਨੇ ਦਾ ਮੁਕਟ ਅਤੇ ਪੈਰਾਂ ਦੇ ਗਹਿਣੇ ਵੀ ਦਾਨ ਕੀਤੇ ਹਨ। ਇਨ੍ਹਾਂ ਸਾਰੇ ਗਹਿਣਿਆਂ ਨੂੰ 8 ਡੱਬਿਆਂ ਵਿੱਚ ਮੰਦਰ ਲਿਆਂਦਾ ਗਿਆ ਸੀ।
ਗਹਿਣੇ ਤਿਆਰ ਕਰਨ ‘ਚ ਲੱਗੇ 15 ਮਹੀਨੇ
ਇਨ੍ਹਾਂ ਸ਼ਾਨਦਾਰ ਗਹਿਣਿਆਂ ਨੂੰ ਤਿਆਰ ਕਰਨ ਲਈ ਕਰੀਬ 15 ਮਹੀਨਿਆਂ ਦਾ ਸਮਾਂ ਲੱਗਿਆ। ਗਹਿਣਿਆਂ ਵਿੱਚ ਸੋਨੇ ਦਾ ਸ਼ੇਰ ਦਾ ਪੰਜਾ, ਵੱਖ-ਵੱਖ ਤਰ੍ਹਾਂ ਦੀਆਂ ਚੈਨਾਂ, ਮੁਕਟ, ਕੀਮਤੀ ਰਤਨ ਅਤੇ ਹੋਰ ਕਈ ਤਰ੍ਹਾਂ ਦੇ ਗਹਿਣੇ ਸ਼ਾਮਲ ਹਨ।ਦੱਸਿਆ ਜਾ ਰਿਹਾ ਹੈ ਕਿ ਭਗਵਾਨ ਵੈਂਕਟੇਸ਼ਵਰ ਨੂੰ ਸਿਰ ਤੋਂ ਪੈਰਾਂ ਤੱਕ ਸਜਾਉਣ ਲਈ 9 ਸੈੱਟਾਂ ਵਿੱਚ ਕੁੱਲ 45 ਗਹਿਣੇ ਤਿਆਰ ਕੀਤੇ ਗਏ ਹਨ।ਇਸ ਦਾਨ ਵਿੱਚੋਂ 106 ਕਿਲੋਗ੍ਰਾਮ ਸੋਨੇ ਦੇ ਗਹਿਣੇ ਭਗਵਾਨ ਵੈਂਕਟੇਸ਼ਵਰ ਲਈ ਹਨ, ਜਦਕਿ ਦੇਵੀ ਸ਼੍ਰੀ ਪਦਮਾਵਤੀ ਅੰਮਾਵਰੂ ਲਈ 15 ਕਿਲੋਗ੍ਰਾਮ ਭਾਰ ਦੇ ਗਹਿਣੇ ਅਤੇ ਪੋਸ਼ਾਕ ਭੇਟ ਕੀਤੇ ਗਏ ਹਨ।
121 ਕਿਲੋ ਸੋਨਾ ਦਾਨ ਕਰਨ ਪਿੱਛੇ ਵੀ ਹੈ ਖਾਸ ਕਾਰਨ
ਵਰਧਮਾਨ ਜੈਨ ਨੇ ਦੱਸਿਆ ਕਿ 121 ਕਿਲੋਗ੍ਰਾਮ ਸੋਨਾ ਦਾਨ ਕਰਨ ਦਾ ਅੰਕੜਾ ਉਨ੍ਹਾਂ ਲਈ ਇੱਕ ਅਧਿਆਤਮਿਕ ਇਤਫ਼ਾਕ ਹੈ। ਉਨ੍ਹਾਂ ਮੁਤਾਬਕ ਭਗਵਾਨ ਵੈਂਕਟੇਸ਼ਵਰ ਨੂੰ ਰੋਜ਼ਾਨਾ ਪਹਿਨਾਏ ਜਾਣ ਵਾਲੇ ਗਹਿਣਿਆਂ ਦਾ ਕੁੱਲ ਭਾਰ ਵੀ ਲਗਭਗ 121 ਕਿਲੋਗ੍ਰਾਮ ਹੈ।
ਉਨ੍ਹਾਂ ਨੇ ਆਪਣੀ ਕੰਪਨੀ ਵਿੱਚ 60 ਫ਼ੀਸਦੀ ਹਿੱਸੇਦਾਰੀ ਇੱਕ ਪ੍ਰਾਈਵੇਟ ਇਕੁਇਟੀ ਫਰਮ ਨੂੰ ਵੇਚ ਕੇ ਕਰੀਬ 6,000 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸੇ ਆਮਦਨ ਵਿੱਚੋਂ ਉਨ੍ਹਾਂ ਨੇ ਭਗਵਾਨ ਵੈਂਕਟੇਸ਼ਵਰ ਨੂੰ ਇਹ ਸੋਨੇ ਦੇ ਗਹਿਣੇ ਭੇਟ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਵੀ ਕਰੋੜਾਂ ਰੁਪਏ ਕਰ ਚੁੱਕੇ ਹਨ ਦਾਨ
ਵਰਧਮਾਨ ਜੈਨ ਇਸ ਤੋਂ ਪਹਿਲਾਂ ਵੀ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਵੱਡੇ ਦਾਨ ਕਰਕੇ ਚਰਚਾ ਵਿੱਚ ਰਹੇ ਹਨ।
-
ਸਾਲ 2024 ਵਿੱਚ ਚੇਨਈ ਦੇ ਇੱਕ ਮੰਦਰ ਦੇ ਵਿਸਥਾਰ ਲਈ 1 ਕਰੋੜ ਰੁਪਏ ਦਾ ਯੋਗਦਾਨ ਦਿੱਤਾ।
-
ਨਵੰਬਰ 2024 ਵਿੱਚ ਤਿਰੂਮਾਲਾ ਤਿਰੂਪਤੀ ਦੇਵਸਥਾਨਮ (TTD) ਦੇ ਅੰਨਾ ਪ੍ਰਸਾਦਮ ਟਰੱਸਟ ਨੂੰ 1.01 ਕਰੋੜ ਰੁਪਏ ਦਾਨ ਕੀਤੇ।
-
ਪ੍ਰਾਣਦਾਨਮ ਟਰੱਸਟ ਨੂੰ ਵੀ 1.01 ਕਰੋੜ ਰੁਪਏ ਦਿੱਤੇ।
-
ਐਸ.ਵੀ. ਭਗਤੀ ਚੈਨਲ ਨੂੰ 5 ਕਰੋੜ ਰੁਪਏ ਅਤੇ ਗਊ ਰੱਖਿਆ ਲਈ 1 ਕਰੋੜ ਰੁਪਏ ਦਾਨ ਕੀਤੇ।
-
ਮਈ 2026 ਵਿੱਚ ਤਿਰੂਪਤੀ ਮੰਦਰ ਨੂੰ ਇੱਕ ਇਲੈਕਟ੍ਰਿਕ ਬੱਸ ਦਾਨ ਕਰਨ ਦਾ ਐਲਾਨ ਕੀਤਾ।
ਇਸ ਤਰ੍ਹਾਂ 121 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਦਾ ਇਹ ਦਾਨ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼ਰਧਾਲੂ ਵੱਲੋਂ ਕੀਤੇ ਗਏ ਇਸ ਵਿਸ਼ਾਲ ਚੜ੍ਹਾਵੇ ਦੀਆਂ ਤਸਵੀਰਾਂ ਅਤੇ ਗਹਿਣਿਆਂ ਦੀ ਸ਼ਾਨਦਾਰ ਬਣਤਰ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।
