ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਸ ਰਿਹਾਇਸ਼ ਨੂੰ ਲੋਕਾਂ ਲਈ ਖੋਲ੍ਹਣ ਦਾ ਮੁੱਖ ਮਕਸਦ ਜਨਤਕ ਪੈਸੇ ਦੇ ਖਰਚੇ ਦਾ ਹਿਸਾਬ ਦੇਣਾ ਹੈ। ਉਨ੍ਹਾਂ ਮੁਤਾਬਕ ਇਸ ਪ੍ਰਾਜੈਕਟ ‘ਤੇ ਟੈਕਸਦਾਤਾਵਾਂ ਦਾ ਪੈਸਾ ਖਰਚ ਹੋਇਆ ਹੈ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਨੂੰ ਹਰ ਪੈਸੇ ਦਾ ਹਿਸਾਬ ਦੇਵੇ।
ਉਨ੍ਹਾਂ ਕਿਹਾ ਕਿ ਫਿਲਹਾਲ ਮੀਡੀਆ ਨੂੰ ਇੱਥੇ ਸੱਦਾ ਦਿੱਤਾ ਗਿਆ ਹੈ ਅਤੇ ਜਲਦ ਹੀ ਦਿੱਲੀ ਦੇ ਆਮ ਲੋਕ ਵੀ ਇਸ ਰਿਹਾਇਸ਼ ਨੂੰ ਅੰਦਰੋਂ ਦੇਖ ਸਕਣਗੇ। ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਖਰੀਦੀਆਂ ਗਈਆਂ ਵਸਤਾਂ ਦੇ ਵੇਰਵੇ ਵੀ ਜਨਤਕ ਕੀਤੇ ਗਏ ਹਨ।
ਵਿਦੇਸ਼ਾਂ ਤੋਂ ਮੰਗਵਾਇਆ ਗਿਆ ਸੀ ਸਾਮਾਨ
ਮੰਤਰੀ ਪ੍ਰਵੇਸ਼ ਵਰਮਾ ਨੇ ਦਾਅਵਾ ਕੀਤਾ ਕਿ ਇਸ ਆਲੀਸ਼ਾਨ ਰਿਹਾਇਸ਼ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਮਹਿੰਗਾ ਸਾਮਾਨ ਮੰਗਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਮਾਰਤ ਵਿੱਚ ਵਰਤਿਆ ਗਿਆ ਸੰਗਮਰਮਰ ਵੀਅਤਨਾਮ ਤੋਂ ਮੰਗਵਾਇਆ ਗਿਆ ਸੀ, ਜਦਕਿ ਕਰੌਕਰੀ ਅਤੇ ਮੇਜ਼ ਸਮੇਤ ਹੋਰ ਸਾਮਾਨ ਵੀ ਵੱਖ-ਵੱਖ ਦੇਸ਼ਾਂ ਤੋਂ ਲਿਆਂਦਾ ਗਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਕੈਮਰਿਆਂ ਰਾਹੀਂ ਦੇਸ਼ ਦੇ ਲੋਕ ਇਸ ਰਿਹਾਇਸ਼ ਦੀ ਅਸਲੀਅਤ ਦੇਖ ਸਕਣਗੇ।
#WATCH | Delhi: Visuals from former CM and AAP National Convenor Arvind Kejriwal’s residence, ‘Sheesh Mahal’
Delhi Minister Parvesh Verma earlier said, “Sheesh Mahal will be opened to the general public. We will allow the public to tour the entire facility…” https://t.co/d9uEH5lcVR
— ANI (@ANI) November 27, 2026
ਪ੍ਰਵਸ਼ ਵਰਮਾ ਨੇ ਇਸ ਮੌਕੇ ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦਿਆਂ ਪਿਛਲੀ ਸਰਕਾਰ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਦਿੱਲੀ ਵਿੱਚ 22 ਹਜ਼ਾਰ ਮੌਤਾਂ ਹੋਈਆਂ ਸਨ। ਉਸ ਸਮੇਂ ਹਸਪਤਾਲ ਬਣਾਉਣ ਜਾਂ ਦਵਾਈਆਂ ਖਰੀਦਣ ਸਬੰਧੀ ਕੋਈ ਪ੍ਰਸਤਾਵ ਨਹੀਂ ਲਿਆਂਦਾ ਗਿਆ। ਉਨ੍ਹਾਂ ਸ਼ਮਸ਼ਾਨਘਾਟਾਂ ਵਿੱਚ ਲੱਕੜ ਅਤੇ ਜਗ੍ਹਾ ਦੀ ਕਮੀ ਦਾ ਵੀ ਜ਼ਿਕਰ ਕੀਤਾ।
CAG ਰਿਪੋਰਟ ਵਿੱਚ ਖਰਚੇ ਨੂੰ ਲੈ ਕੇ ਵੱਡਾ ਖੁਲਾਸਾ
ਇਸ ਬੰਗਲੇ ਨੂੰ ਲੈ ਕੇ ਵਿਵਾਦ ਉਸ ਸਮੇਂ ਹੋਰ ਵਧ ਗਿਆ ਸੀ, ਜਦੋਂ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ CAG ਦੀ ਰਿਪੋਰਟ ਵਿੱਚ ਇਸ ਦੇ ਨਿਰਮਾਣ ਅਤੇ ਸਜਾਵਟ ‘ਤੇ ਹੋਏ ਖਰਚੇ ਦਾ ਜ਼ਿਕਰ ਕੀਤਾ ਗਿਆ।
ਰਿਪੋਰਟ ਮੁਤਾਬਕ, ਇਸ ਪ੍ਰਾਜੈਕਟ ਦੀ ਲਾਗਤ ਅੰਦਾਜ਼ੇ ਨਾਲੋਂ 342 ਫ਼ੀਸਦੀ ਵਧ ਕੇ 33.66 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਕੁੱਲ ਖਰਚੇ ਵਿੱਚੋਂ 18.88 ਕਰੋੜ ਰੁਪਏ ਉੱਤਮ ਵਿਸ਼ੇਸ਼ਤਾਵਾਂ, ਕਲਾਤਮਕ ਅਤੇ ਪੁਰਾਤਨ ਅੰਦਰੂਨੀ ਸਜਾਵਟ ‘ਤੇ ਖਰਚ ਕੀਤੇ ਗਏ ਸਨ। ਇਸੇ ਕਾਰਨ ਵਿਰੋਧੀ ਧਿਰ ਵੱਲੋਂ ਇਸ ਬੰਗਲੇ ਨੂੰ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਗਿਆ ਸੀ।
ਆਮ ਲੋਕਾਂ ਲਈ 20 ਰੁਪਏ ਦੀ ਹੋ ਸਕਦੀ ਹੈ ਟਿਕਟ
ਦਿੱਲੀ ਸਰਕਾਰ ਦੀ ਯੋਜਨਾ ਮੁਤਾਬਕ ਆਮ ਲੋਕਾਂ ਨੂੰ ਇਸ ਰਿਹਾਇਸ਼ ਦੇ ਅੰਦਰ ਜਾਣ ਲਈ ਟਿਕਟ ਲੈਣੀ ਪੈ ਸਕਦੀ ਹੈ। ਜਾਣਕਾਰੀ ਅਨੁਸਾਰ ਟਿਕਟ ਦੀ ਕੀਮਤ ਲਗਭਗ 20 ਰੁਪਏ ਰੱਖਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਅਤੇ ਕਾਲਜ ਵਿਦਿਆਰਥੀਆਂ ਨੂੰ ਮੁਫ਼ਤ ਐਂਟਰੀ ਦੇਣ ਦੀ ਯੋਜਨਾ ਵੀ ਹੈ।ਉਮੀਦ ਹੈ ਕਿ ਇਸ ਹਫ਼ਤੇ ਤੋਂ ਹੀ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਸਕਦੀ ਹੈ। ਹਾਲਾਂਕਿ, ਆਮ ਲੋਕਾਂ ਲਈ ਇਹ ਰਿਹਾਇਸ਼ ਸਿਰਫ਼ ਸੀਮਤ ਸਮੇਂ ਲਈ ਖੋਲ੍ਹੀ ਜਾਵੇਗੀ।
ਇਸ ਤੋਂ ਬਾਅਦ ਸਰਕਾਰ ਦੀ ਯੋਜਨਾ ਹੈ ਕਿ ਇਸ ਜਾਇਦਾਦ ਨੂੰ ਇੱਕ ਨਿੱਜੀ ਹਾਸਪਿਟੈਲਿਟੀ ਕੰਪਨੀ ਦੇ ਹਵਾਲੇ ਕੀਤਾ ਜਾਵੇ। ਇਹ ਕੰਪਨੀ ਇੱਥੇ ਸਰਕਾਰੀ ਕਾਨਫਰੰਸਾਂ, ਦੁਪਹਿਰ ਦੇ ਖਾਣੇ ਅਤੇ ਮੀਟਿੰਗਾਂ ਵਰਗੇ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਸਕਦੀ ਹੈ।
2015 ਤੋਂ 2024 ਤੱਕ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਰਿਹਾ ਬੰਗਲਾ
ਦਿੱਲੀ ਦੇ 6, ਫਲੈਗਸਟਾਫ ਰੋਡ ਸਥਿਤ ਇਹ ਬੰਗਲਾ ਸਾਲ 2015 ਤੋਂ 2024 ਤੱਕ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਸੀ।
ਫਰਵਰੀ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਸ ਬੰਗਲੇ ਨੂੰ ‘ਸ਼ੀਸ਼ ਮਹਿਲ’ ਦਾ ਨਾਮ ਦੇ ਕੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਸੀ। ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਨੇ ਪਹਿਲਾਂ ਸਾਦਗੀ ਦੀ ਗੱਲ ਕੀਤੀ ਸੀ, ਪਰ ਬਾਅਦ ਵਿੱਚ ਆਪਣੀ ਸਰਕਾਰੀ ਰਿਹਾਇਸ਼ ਨੂੰ ਆਲੀਸ਼ਾਨ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ।
ਕੇਜਰੀਵਾਲ ਦੇ ਪਰਿਵਾਰ ਵੱਲੋਂ ਬੰਗਲਾ ਖਾਲੀ ਕਰਨ ਤੋਂ ਬਾਅਦ ਲੋਕ ਨਿਰਮਾਣ ਵਿਭਾਗ (PWD) ਨੇ ਇਸ ਦੇ ਅੰਦਰੂਨੀ ਹਿੱਸੇ ਦਾ ਵਿਸਥਾਰ ਨਾਲ ਆਡਿਟ ਵੀ ਕਰਵਾਇਆ ਸੀ। ਇਸ ਜਾਇਦਾਦ ਦੀ ਸਾਂਭ-ਸੰਭਾਲ ਲਈ ਕਰੀਬ 10 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਹੁਣ ਇਹ ਰਿਹਾਇਸ਼ ਆਮ ਲੋਕਾਂ ਲਈ ਖੋਲ੍ਹੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਦਿੱਲੀ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਲੋਕਾਂ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਇਸ ਆਲੀਸ਼ਾਨ ਬੰਗਲੇ ਨੂੰ ਦੇਖਣ ਲਈ ਟਿਕਟ ਬੁਕਿੰਗ ਕਦੋਂ ਸ਼ੁਰੂ ਹੁੰਦੀ ਹੈ।
