2022 ਵਿੱਚ ਭਗਵੰਤ ਮਾਨ ਨੇ ਦਰਜ ਕੀਤੀ ਸੀ ਵੱਡੀ ਜਿੱਤ
ਧੂਰੀ ਸੀਟ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਫ਼ੀ ਚਰਚਾ ਰਹੀ ਸੀ। ਸਾਲ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੇ ਇਸ ਹਲਕੇ ਤੋਂ ਚੋਣ ਲੜੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।ਇਸ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਤਰ੍ਹਾਂ ਧੂਰੀ ਹਲਕਾ ਸੂਬੇ ਦੀ ਸਿਆਸਤ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ।
2027 ਲਈ ਧੂਰੀ ‘ਚ ਕਿਹੜੇ ਚਿਹਰਿਆਂ ਦੀ ਹੋ ਰਹੀ ਚਰਚਾ?
ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧੂਰੀ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ,ਇਸ ਇਲਾਵਾ ਅੰਮ੍ਰਿਤਪਾਲ ਸਿੰਘ ਅਤੇ ਸੁਨੀਲ ਜਾਖੜ ਵਰਗੇ ਵੱਡੇ ਸਿਆਸੀ ਚਿਹਰਿਆਂ ਦੇ ਨਾਵਾਂ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ
ਜੇਕਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਵੱਡਾ ਆਗੂ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਰਦਾ ਹੈ ਤਾਂ ਇਹ ਹਲਕਾ ਪੰਜਾਬ ਦੀਆਂ ਸਭ ਤੋਂ ਚਰਚਿਤ ਸੀਟਾਂ ਵਿੱਚ ਸ਼ਾਮਲ ਹੋ ਸਕਦਾ ਹੈ। ਹਾਲਾਂਕਿ, ਅੰਮ੍ਰਿਤਪਾਲ ਸਿੰਘ ਅਤੇ ਸੁਨੀਲ ਜਾਖੜ ਦੇ ਧੂਰੀ ਤੋਂ ਚੋਣ ਲੜਨ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਕੀ ਭਗਵੰਤ ਮਾਨ ਦੁਹਰਾ ਸਕਣਗੇ ਪਿਛਲੀ ਜਿੱਤ?
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਗਵੰਤ ਮਾਨ 2027 ਵਿੱਚ ਵੀ ਧੂਰੀ ਤੋਂ ਚੋਣ ਲੜ ਕੇ ਆਪਣੀ ਪਿਛਲੀ ਜਿੱਤ ਦੁਹਰਾ ਸਕਣਗੇ? ਜਾਂ ਫਿਰ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਇਸੇ ਹਲਕੇ ਵਿੱਚ ਸਖ਼ਤ ਟੱਕਰ ਦੇਣ ਲਈ ਕੋਈ ਨਵੀਂ ਰਣਨੀਤੀ ਤਿਆਰ ਕਰਨਗੀਆਂ?
ਧੂਰੀ ਦੇ ਸਿਆਸੀ ਸਮੀਕਰਨ, ਪਾਰਟੀਆਂ ਦੀ ਰਣਨੀਤੀ ਅਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ। ਫਿਲਹਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਧੂਰੀ ਪੰਜਾਬ ਦੀ ਸਿਆਸਤ ਦਾ ਇੱਕ ਦਿਲਚਸਪ ਕੇਂਦਰ ਬਣਦੀ ਨਜ਼ਰ ਆ ਰਹੀ ਹੈ।
ਹੁਣ ਦੇਖਣਾ ਹੋਵੇਗਾ ਕਿ 2027 ਵਿੱਚ ਧੂਰੀ ਦਾ ਸਿਆਸੀ ਕਿੰਗ ਕੌਣ ਬਣਦਾ ਹੈ ਅਤੇ ਕੀ ਭਗਵੰਤ ਮਾਨ ਆਪਣੀ ਪੁਰਾਣੀ ਜਿੱਤ ਦਾ ਰਿਕਾਰਡ ਕਾਇਮ ਰੱਖ ਸਕਣਗੇ?
