RBI ਵੱਲੋਂ ਜਾਰੀ ਨਵੀਂ ਮਾਸਟਰ ਗਾਈਡਲਾਈਨ ਵਿੱਚ ATM, PoS ਮਸ਼ੀਨਾਂ ਅਤੇ ਨਕਦੀ ਕਢਵਾਉਣ ਨਾਲ ਜੁੜੀਆਂ ਕਈ ਵਿਵਸਥਾਵਾਂ ਨੂੰ ਇਕੱਠਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸਫਲ ATM ਟ੍ਰਾਂਜੈਕਸ਼ਨਾਂ, UPI ਰਾਹੀਂ ਨਕਦੀ ਕਢਵਾਉਣ ਅਤੇ ਸੰਪਰਕ ਰਹਿਤ ਕਾਰਡ ਪੇਮੈਂਟ ਨੂੰ ਲੈ ਕੇ ਵੀ ਨਵੇਂ ਨਿਯਮ ਤੈਅ ਕੀਤੇ ਗਏ ਹਨ।
ਮੁਫ਼ਤ ATM ਟ੍ਰਾਂਜੈਕਸ਼ਨ ਦੀ ਸੀਮਾ ਤੋਂ ਬਾਅਦ ਕਿੰਨਾ ਲੱਗੇਗਾ ਚਾਰਜ?
ਨਵੇਂ ਨਿਯਮਾਂ ਮੁਤਾਬਕ ਗਾਹਕ ਆਪਣੇ ਬੈਂਕ ਦੇ ATM ਤੋਂ ਹਰ ਮਹੀਨੇ ਪੰਜ ਮੁਫ਼ਤ ਟ੍ਰਾਂਜੈਕਸ਼ਨ ਕਰ ਸਕਣਗੇ। ਇਸ ਵਿੱਚ ਨਕਦੀ ਕਢਵਾਉਣ ਦੇ ਨਾਲ-ਨਾਲ ਬੈਲੇਂਸ ਚੈੱਕ ਕਰਨ ਵਰਗੇ ਗੈਰ-ਵਿੱਤੀ ਲੈਣ-ਦੇਣ ਵੀ ਸ਼ਾਮਲ ਹੋਣਗੇ।
ਦੂਜੇ ਬੈਂਕ ਦੇ ATM ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਮੈਟਰੋ ਸ਼ਹਿਰਾਂ ਵਿੱਚ ਤਿੰਨ ਮੁਫ਼ਤ ਟ੍ਰਾਂਜੈਕਸ਼ਨ ਅਤੇ ਗੈਰ-ਮੈਟਰੋ ਸ਼ਹਿਰਾਂ ਵਿੱਚ ਪੰਜ ਮੁਫ਼ਤ ਟ੍ਰਾਂਜੈਕਸ਼ਨਾਂ ਦੀ ਵਿਵਸਥਾ ਹੈ। ਹਾਲਾਂਕਿ, ਦੋਵਾਂ ਤਰ੍ਹਾਂ ਦੇ ATM ਦੀ ਵਰਤੋਂ ਕਰਦੇ ਸਮੇਂ ਲਾਗੂ ਕੁੱਲ ਮੁਫ਼ਤ ਸੀਮਾ ਦਾ ਧਿਆਨ ਰੱਖਣਾ ਹੋਵੇਗਾ।ਮੁਫ਼ਤ ਟ੍ਰਾਂਜੈਕਸ਼ਨ ਦੀ ਸੀਮਾ ਪੂਰੀ ਹੋਣ ਤੋਂ ਬਾਅਦ ਬੈਂਕ ਹਰ ਵਾਧੂ ਟ੍ਰਾਂਜੈਕਸ਼ਨ ‘ਤੇ ਵੱਧ ਤੋਂ ਵੱਧ 23 ਰੁਪਏ ਅਤੇ ਲਾਗੂ ਟੈਕਸ ਵਸੂਲ ਸਕਣਗੇ। ਬੈਂਕਾਂ ਨੂੰ ਇਸ ਸਬੰਧੀ ਆਪਣੇ ਬੋਰਡ ਤੋਂ ਮਨਜ਼ੂਰ ਨੀਤੀ ਬਣਾਉਣੀ ਹੋਵੇਗੀ।
ਅਸਫਲ ATM ਟ੍ਰਾਂਜੈਕਸ਼ਨ ‘ਤੇ ਨਹੀਂ ਕੱਟੇ ਜਾਣਗੇ ਪੈਸੇ
RBI ਦੇ ਨਵੇਂ ਨਿਯਮਾਂ ਵਿੱਚ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਜੇਕਰ ATM ਵਿੱਚ ਤਕਨੀਕੀ ਖ਼ਰਾਬੀ, ਨਕਦੀ ਦੀ ਕਮੀ, ਹਾਰਡਵੇਅਰ ਜਾਂ ਸਾਫਟਵੇਅਰ ਦੀ ਸਮੱਸਿਆ ਕਾਰਨ ਟ੍ਰਾਂਜੈਕਸ਼ਨ ਅਸਫਲ ਹੋ ਜਾਂਦਾ ਹੈ ਤਾਂ ਇਸ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਇਸ ਤੋਂ ਇਲਾਵਾ ਗਲਤ PIN ਜਾਂ ਬੈਂਕ ਵੱਲੋਂ ਪ੍ਰਮਾਣਿਕਤਾ (Authentication) ਵਿੱਚ ਗਲਤੀ ਕਾਰਨ ਅਸਫਲ ਹੋਏ ਟ੍ਰਾਂਜੈਕਸ਼ਨ ਵੀ ਮੁਫ਼ਤ ਸੀਮਾ ਵਿੱਚ ਨਹੀਂ ਗਿਣੇ ਜਾਣਗੇ। ਯਾਨੀ ਗਾਹਕ ਦੇ ਖਾਤੇ ਵਿੱਚੋਂ ਬਿਨਾਂ ਵਜ੍ਹਾ ਪੈਸੇ ਕੱਟਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਹੁਣ PoS ਅਤੇ UPI ਰਾਹੀਂ ਵੀ ਕਢਵਾ ਸਕੋਗੇ ਨਕਦੀ
ਨਵੇਂ ਨਿਯਮਾਂ ਤਹਿਤ ਗਾਹਕਾਂ ਨੂੰ ATM ਤੋਂ ਇਲਾਵਾ ਚੋਣਵੇਂ ਵਪਾਰੀ ਆਊਟਲੈਟਾਂ ‘ਤੇ ਵੀ ਨਕਦੀ ਕਢਵਾਉਣ ਦੀ ਸਹੂਲਤ ਮਿਲੇਗੀ। ਇਸ ਲਈ ਡੈਬਿਟ ਕਾਰਡ, ਪੂਰੀ KYC ਵਾਲੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ (PPIs) ਅਤੇ UPI ਦੀ ਵਰਤੋਂ ਕੀਤੀ ਜਾ ਸਕੇਗੀ।
-
ਇੱਕ ਟ੍ਰਾਂਜੈਕਸ਼ਨ ਵਿੱਚ ਵੱਧ ਤੋਂ ਵੱਧ 2,000 ਰੁਪਏ ਕਢਵਾਏ ਜਾ ਸਕਣਗੇ।
-
ਇੱਕ ਮਹੀਨੇ ਵਿੱਚ ਕੁੱਲ 10,000 ਰੁਪਏ ਤੱਕ ਨਕਦੀ ਕਢਵਾਉਣ ਦੀ ਸੀਮਾ ਹੋਵੇਗੀ।
-
ਗਾਹਕ ਤੋਂ ਲਿਆ ਜਾਣ ਵਾਲਾ ਚਾਰਜ 1 ਫ਼ੀਸਦੀ ਤੋਂ ਵੱਧ ਨਹੀਂ ਹੋਵੇਗਾ।
-
ਇਸ ਸਹੂਲਤ ਦਾ ਲਾਭ ਬਿਨਾਂ ਕੋਈ ਖਰੀਦਦਾਰੀ ਕੀਤੇ ਵੀ ਲਿਆ ਜਾ ਸਕੇਗਾ।
ਜੇਕਰ ਗਾਹਕ ਕਿਸੇ ਦੁਕਾਨ ਤੋਂ ਖਰੀਦਦਾਰੀ ਦੇ ਨਾਲ ਨਕਦੀ ਵੀ ਕਢਵਾਉਂਦਾ ਹੈ ਤਾਂ ਨਕਦੀ ਦੀ ਰਕਮ ਬਿੱਲ ਜਾਂ ਰਸੀਦ ਵਿੱਚ ਵੱਖਰੇ ਤੌਰ ‘ਤੇ ਦਿਖਾਉਣੀ ਲਾਜ਼ਮੀ ਹੋਵੇਗੀ।
₹5,000 ਤੱਕ ਦੇ Contactless Card Payment ‘ਤੇ ਵੱਡੀ ਰਾਹਤ
ਕਾਰਡ ਰਾਹੀਂ ਭੁਗਤਾਨ ਕਰਨ ਵਾਲੇ ਗਾਹਕਾਂ ਲਈ ਵੀ ਨਵੇਂ ਨਿਯਮ ਲਿਆਂਦੇ ਗਏ ਹਨ। ਇਸ ਤਹਿਤ 5,000 ਰੁਪਏ ਤੱਕ ਦੇ ਸੰਪਰਕ ਰਹਿਤ (Contactless) ਭੁਗਤਾਨ ਲਈ ਵਾਧੂ ਪ੍ਰਮਾਣਿਕਤਾ ਦੀ ਲੋੜ ਨਹੀਂ ਹੋਵੇਗੀ।ਹਾਲਾਂਕਿ, ਜੇਕਰ ਭੁਗਤਾਨ ਦੀ ਰਕਮ 5,000 ਰੁਪਏ ਤੋਂ ਵੱਧ ਹੈ ਤਾਂ ਗਾਹਕ ਨੂੰ ਵਾਧੂ ਪ੍ਰਮਾਣਿਕਤਾ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।
ਗਾਹਕਾਂ ਨੂੰ ਮੁਫ਼ਤ ਟ੍ਰਾਂਜੈਕਸ਼ਨ ਬਾਰੇ ਮਿਲੇਗੀ ਜਾਣਕਾਰੀ
RBI ਨੇ ਬੈਂਕਾਂ ਨੂੰ ਅਜਿਹੀ ਵਿਵਸਥਾ ਬਣਾਉਣ ਲਈ ਕਿਹਾ ਹੈ, ਜਿਸ ਰਾਹੀਂ ਗਾਹਕਾਂ ਨੂੰ ਇੱਕ ਮਹੀਨੇ ਦੌਰਾਨ ਵਰਤੇ ਗਏ ਮੁਫ਼ਤ ਟ੍ਰਾਂਜੈਕਸ਼ਨਾਂ ਦੀ ਗਿਣਤੀ ਅਤੇ ਅੱਗੇ ਲੱਗਣ ਵਾਲੇ ਸੰਭਾਵੀ ਚਾਰਜਾਂ ਬਾਰੇ ਜਾਣਕਾਰੀ ਮਿਲ ਸਕੇ।ਇਸ ਤੋਂ ਇਲਾਵਾ ATM ਮਸ਼ੀਨਾਂ ‘ਤੇ ਸਕ੍ਰੀਨ, ਪੋਸਟਰ ਜਾਂ ਸਟਿੱਕਰ ਰਾਹੀਂ ਇਹ ਵੀ ਦੱਸਣਾ ਹੋਵੇਗਾ ਕਿ ਸਬੰਧਤ ATM ਮੈਟਰੋ ਜਾਂ ਗੈਰ-ਮੈਟਰੋ ਸ਼੍ਰੇਣੀ ਵਿੱਚ ਆਉਂਦਾ ਹੈ।
RBI ਨੇ ATM ਅਤੇ ਨਕਦੀ ਕਢਵਾਉਣ ਨਾਲ ਜੁੜੇ 17 ਪੁਰਾਣੇ ਸਰਕੂਲਰਾਂ ਅਤੇ ਕਾਰਡ ਪੇਮੈਂਟ ਨਾਲ ਸਬੰਧਤ 25 ਸਰਕੂਲਰਾਂ ਨੂੰ ਨਵੀਂ ਗਾਈਡਲਾਈਨ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਨਿਯਮਾਂ ਦਾ ਮੁੱਖ ਮਕਸਦ ATM ਅਤੇ ਕਾਰਡ ਭੁਗਤਾਨ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਅਤੇ ਗਾਹਕਾਂ ਨੂੰ ਬੇਲੋੜੇ ਖਰਚਿਆਂ ਤੋਂ ਬਚਾਉਣਾ ਹੈ।
ਇਸ ਲਈ ਜੇਕਰ ਤੁਸੀਂ ATM ਦੀ ਵਰਤੋਂ ਅਕਸਰ ਕਰਦੇ ਹੋ ਤਾਂ ਹਰ ਮਹੀਨੇ ਆਪਣੀ ਮੁਫ਼ਤ ਟ੍ਰਾਂਜੈਕਸ਼ਨ ਸੀਮਾ ਦਾ ਧਿਆਨ ਜ਼ਰੂਰ ਰੱਖੋ, ਤਾਂ ਜੋ ਤੁਹਾਡੇ ਬੈਂਕ ਖਾਤੇ ਵਿੱਚੋਂ ਵਾਧੂ ਚਾਰਜ ਨਾ ਕੱਟੇ ਜਾਣ।
