ਟੋਰਾਂਟੋ: ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿੱਚ 26 ਸਾਲਾ ਨਵਨੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ‘ਚ 37 ਸਾਲਾ ਸ਼ਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਫਰਸਟ ਡਿਗਰੀ ਮਰਡਰ ਤੇ ਅਦਾਲਤੀ ਹਲਫ਼ਨਾਮੇ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਗਿਆ ਹੈ।
ਪੁਲਿਸ ਮੁਤਾਬਕ ਇਹ ਘਟਨਾ 24 ਜੁਲਾਈ ਨੂੰ ਸਵੇਰੇ ਕਰੀਬ 7:23 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਖੇਤਰ ‘ਚ ਵਾਪਰੀ। ਜਾਂਚ ਅਨੁਸਾਰ ਮੁਲਜ਼ਮ ਅਤੇ ਨਵਨੀਤ ਕੌਰ ਵਿਚਾਲੇ ਕੁਝ ਸਮਾਂ ਗੱਲਬਾਤ ਹੋਈ, ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ‘ਤੇ ਨੇੜਿਓਂ ਗੋਲੀਬਾਰੀ ਕੀਤੀ। ਨਵਨੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਹਾਲਾਂਕਿ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੀ ਮਦਦ ਨਾਲ ਉਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਏਜੰਸੀਆਂ ਨੇ ਫਿਲਹਾਲ ਮੁਲਜ਼ਮ ਅਤੇ ਮ੍ਰਿਤਕ ਦੇ ਆਪਸੀ ਰਿਸ਼ਤੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਨਵਨੀਤ ਕੌਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਸੀ। ਇਸ ਘਟਨਾ ਨਾਲ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।