ਪਠਾਨਕੋਟ: ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਦੇ ਉੱਪਰੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਮੀਂਹ ਕਾਰਨ ਰਣਜੀਤ ਸਾਗਰ ਡੈਮ ਦਾ ਜਲ ਪੱਧਰ ਵੱਧ ਕੇ 506 ਮੀਟਰ ਤੱਕ ਪਹੁੰਚ ਗਿਆ ਹੈ। ਹਾਲਾਂਕਿ ਡੈਮ ਦਾ ਖਤਰੇ ਦਾ ਨਿਸ਼ਾਨ ਲਗਭਗ 528 ਮੀਟਰ ਹੈ। ਇਸ ਤਰ੍ਹਾਂ ਡੈਮ ਅਜੇ ਖਤਰੇ ਦੇ ਨਿਸ਼ਾਨ ਤੋਂ 22 ਮੀਟਰ ਦੂਰ ਹੈ ,ਪਰ ਪਹਾੜੀ ਖੇਤਰਾਂ ਵਿੱਚ ਜਾਰੀ ਮੀਂਹ ਨੂੰ ਦੇਖਦੇ ਹੋਏ ਡੈਮ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਪਿਛਲੇ ਸਾਲ ਆਏ ਹੜ੍ਹ ਵਰਗੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਪ੍ਰਸ਼ਾਸਨ ਨੇ ਪਹਿਲਾਂ ਹੀ ਸਾਰੇ ਸੁਰੱਖਿਆ ਪ੍ਰਬੰਧ ਕਰ ਲਏ ਹਨ। ਇਸ ਦੇ ਨਾਲ ਹੀ ਡੈਮ ਦੇ ਜਲ ਪੱਧਰ ‘ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਵੀ ਸਰਗਰਮ ਕਰ ਦਿੱਤਾ ਗਿਆ ਹੈ, ਤਾਂ ਜੋ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਸਮੇਂ ਸਿਰ ਚੇਤਾਵਨੀ ਦਿੱਤੀ ਜਾ ਸਕੇ। ਉੱਥੇ ਹੀ, ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਦੀ ਬਜਾਏ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਇਸ ਦੌਰਾਨ, ਰਣਜੀਤ ਸਾਗਰ ਡੈਮ ਦੇ ਐਗਜ਼ੀਕਿਊਟਿਵ ਇੰਜੀਨੀਅਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਡੈਮ ਦਾ ਜਲ ਪੱਧਰ ਅਜੇ ਸੁਰੱਖਿਅਤ ਹੱਦ ਵਿੱਚ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜੇਕਰ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਤਾਂ ਹਰ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਬਾਵਜੂਦ, ਪਿਛਲੇ ਸਾਲ ਵਰਗੀ ਸਥਿਤੀ ਤੋਂ ਬਚਣ ਲਈ ਹਰ ਪੱਖ ਤੋਂ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ।