ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਲਈ ਕਈ ਯਾਦਗਾਰ ਪਾਰੀਆਂ ਖੇਡਣ ਵਾਲੇ ਰਹਾਣੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ।ਅਜਿੰਕਿਆ ਰਹਾਣੇ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਹਰ ਸਫ਼ਰ ਦੀ ਇੱਕ ਸ਼ੁਰੂਆਤ ਹੁੰਦੀ ਹੈ ਅਤੇ ਇੱਕ ਅੰਤ ਵੀ। ਉਨ੍ਹਾਂ ਕਿਹਾ ਕਿ ਜਦੋਂ ਸਹੀ ਸਮਾਂ ਆ ਜਾਂਦਾ ਹੈ ਤਾਂ ਉਸ ਦਾ ਸਤਿਕਾਰ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਰਹਾਣੇ ਨੇ ਦੱਸਿਆ ਕਿ ਉਹ ਆਪਣੀ ਬੱਲੇਬਾਜ਼ੀ ਵਿੱਚ ਹਮੇਸ਼ਾ ਟਾਈਮਿੰਗ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਇਹੀ ਸਹੀ ਸਮਾਂ ਹੈ।
ਭਾਰਤ ਲਈ ਸ਼ਾਨਦਾਰ ਕਰੀਅਰ
ਅਜਿੰਕਿਆ ਰਹਾਣੇ ਨੇ ਆਪਣੇ ਕਰੀਅਰ ਦੌਰਾਨ ਭਾਰਤ ਲਈ 85 ਟੈਸਟ , 90 ਵਨਡੇ ਅਤੇ 20 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਹ ਆਪਣੀ ਸ਼ਾਂਤ ਸੁਭਾਅ, ਤਕਨੀਕੀ ਤੌਰ ‘ਤੇ ਮਜ਼ਬੂਤ ਬੱਲੇਬਾਜ਼ੀ ਅਤੇ ਦਬਾਅ ਵਾਲੇ ਮੌਕਿਆਂ ‘ਤੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਰਹੇ।ਰਹਾਣੇ ਨੇ ਆਪਣੇ ਕਰੀਅਰ ਦੌਰਾਨ ਵਿਦੇਸ਼ੀ ਧਰਤੀ ‘ਤੇ ਕਈ ਮਹੱਤਵਪੂਰਨ ਪਾਰੀਆਂ ਖੇਡ ਕੇ ਭਾਰਤ ਨੂੰ ਇਤਿਹਾਸਕ ਜਿੱਤਾਂ ਦਿਵਾਈਆਂ। ਉਹ ਟੈਸਟ ਕ੍ਰਿਕਟ ਵਿੱਚ ਭਾਰਤ ਦੇ ਭਰੋਸੇਮੰਦ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਅਤੇ ਕਈ ਵਾਰ ਆਪਣੀ ਕਪਤਾਨੀ ਨਾਲ ਵੀ ਟੀਮ ਨੂੰ ਪ੍ਰਭਾਵਿਤ ਕੀਤਾ।
ਪ੍ਰਸ਼ੰਸਕਾਂ ਨੇ ਦਿੱਤੀਆਂ ਸ਼ੁਭਕਾਮਨਾਵਾਂ
ਸੰਨਿਆਸ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਅਤੇ ਕ੍ਰਿਕਟ ਜਗਤ ਨਾਲ ਜੁੜੀਆਂ ਕਈ ਹਸਤੀਆਂ ਅਜਿੰਕਿਆ ਰਹਾਣੇ ਨੂੰ ਉਨ੍ਹਾਂ ਦੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਲਈ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੀਆਂ ਹਨ। ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।