Neeraj Chopra javelin :ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਕੁਆਲੀਫਿਕੇਸ਼ਨ ਰਾਊਂਡ ਵਿੱਚ ਨੀਰਜ ਨੇ 79.61 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਹੁਣ ਸਾਰਿਆਂ ਦੀਆਂ ਨਜ਼ਰਾਂ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ ‘ਤੇ ਟਿਕੀਆਂ ਹਨ, ਜਿੱਥੇ ਨੀਰਜ ਆਪਣੇ ਦੂਜੇ ਕਾਮਨਵੈਲਥ ਸੋਨ ਤਗਮੇ ਲਈ ਮੈਦਾਨ ਵਿੱਚ ਉਤਰਨਗੇ।
ਦੂਜੇ ਕਾਮਨਵੈਲਥ ਸੋਨ ਤਗਮੇ ‘ਤੇ ਨਜ਼ਰ
ਨੀਰਜ ਚੋਪੜਾ ਨੇ ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਸੋਨ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ। ਹਾਲਾਂਕਿ, ਸੱਟ ਕਾਰਨ ਉਹ ਬਰਮਿੰਘਮ 2022 ਗੇਮਸ ਵਿੱਚ ਹਿੱਸਾ ਨਹੀਂ ਲੈ ਪਾਏ ਸਨ। ਹੁਣ ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਗਲਾਸਗੋ ਵਿੱਚ ਵਾਪਸੀ ਕਰਦੇ ਹੋਏ ਨੀਰਜ ਆਪਣੇ ਕਰੀਅਰ ਦਾ ਦੂਜਾ ਕਾਮਨਵੈਲਥ ਗੇਮਸ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੇ।
ਦਿੱਗਜਾਂ ਨਾਲ ਹੋਵੇਗੀ ਕਾਂਟੇ ਦੀ ਟੱਕਰ
ਫਾਈਨਲ ਮੁਕਾਬਲਾ ਨੀਰਜ ਲਈ ਬਿਲਕੁਲ ਵੀ ਆਸਾਨ ਨਹੀਂ ਹੋਵੇਗਾ। ਇਸ ਸਖ਼ਤ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਦੇ ਸੋਨ ਤਮਗਾ ਜੇਤੂ ਅਤੇ ਪਾਕਿਸਤਾਨ ਦੇ ਸਟਾਰ ਐਥਲੀਟ ਅਰਸ਼ਦ ਨਦੀਮ, ਗ੍ਰੇਨਾਡਾ ਦੇ ਸਾਬਕਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਅਤੇ ਸ਼੍ਰੀਲੰਕਾ ਦੇ ਉੱਭਰਦੇ ਹੋਏ ਇਨ-ਫਾਰਮ ਐਥਲੀਟ ਰੁਮੇਸ਼ ਪਾਥੀਰਾਗੇ ਵਰਗੇ ਵੱਡੇ ਨਾਮ ਸ਼ਾਮਲ ਹਨ। ਅਜਿਹੇ ਵਿੱਚ ਸ਼ਨੀਵਾਰ ਨੂੰ ਹੋਣ ਵਾਲਾ ਇਹ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਹੇਗਾ ।
ਦੇਸ਼ ਦੀਆਂ ਉਮੀਦਾਂ ਨੀਰਜ ‘ਤੇ
ਨੀਰਜ ਚੋਪੜਾ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਐਥਲੈਟਿਕਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ। ਹੁਣ ਇੱਕ ਵਾਰ ਫਿਰ ਕਰੋੜਾਂ ਭਾਰਤੀਆਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹਨ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਨੀਰਜ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਸੋਨ ਤਗਮਾ ਪਾਉਣਗੇ।