Shilu Balhara wife Death : ਹਰਿਆਣਾ ਦੇ ਰੋਹਤਕ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ 23 ਸਾਲਾ ਪਤਨੀ ਮੁਸਕਾਨ ਬਲਹਾਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਘਟਨਾ ਦੀ ਸੂਚਨਾ ਮਿਲਣ ‘ਤੇ ਬਾਹੂ ਅਕਬਰਪੁਰ ਥਾਣਾ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਪੀਜੀਆਈ ਭੇਜ ਦਿੱਤਾ। ਇਸ ਦੌਰਾਨ ਮੁਸਕਾਨ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ। ਪੁਲਿਸ ਸ਼ੀਲੂ ਬਲਹਾਰਾ ਨੂੰ ਵੀ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਹਾਲਾਂਕਿ, ਅਜੇ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਮੁਸਕਾਨ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੀਲ ਸਾਂਝੀ ਕੀਤੀ ਸੀ, ਜਿਸ ਦੀ ਵੀ ਜਾਂਚ ਦੇ ਹਿੱਸੇ ਵਜੋਂ ਸਮੀਖਿਆ ਕੀਤੀ ਜਾ ਰਹੀ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸ਼ੀਲੂ ਬਲਹਾਰਾ ਰੋਹਤਕ ਦੇ ਬਾਹੂ ਅਕਬਰਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਕਬੱਡੀ ਦੀ ਦੁਨੀਆ ਵਿੱਚ “ਹਰਿਆਣਾ ਆਲਾ ਚੀਤਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਛੋਟੀ ਉਮਰ ਤੋਂ ਹੀ ਕਬੱਡੀ ਖੇਡਣ ਵਾਲੇ ਸ਼ੀਲੂ ਨੇ ਆਪਣੀ ਤੇਜ਼ ਰਫ਼ਤਾਰ ਅਤੇ ਸ਼ਾਨਦਾਰ ਕੈਚਿੰਗ ਨਾਲ ਦੇਸ਼-ਵਿਦੇਸ਼ ਵਿੱਚ ਪਛਾਣ ਬਣਾਈ ਹੈ। ਉਹ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਪਿਛਲੇ ਸਾਲ ਅਮਰੀਕਾ ਵਿੱਚ ਹੋਏ ਕਬੱਡੀ ਟੂਰਨਾਮੈਂਟ ਵਿੱਚ ‘ਬੈਸਟ ਕੈਚਰ’ ਦਾ ਖਿਤਾਬ ਵੀ ਜਿੱਤਿਆ ਸੀ।
ਫਿਲਹਾਲ ਇਸ ਦੁਖਦਾਈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।