Barnala News :ਪੰਜਾਬ ਵਿੱਚ ਸਫਾਈ ਸੇਵਕਾਂ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਬਰਨਾਲਾ ਸਮੇਤ ਸੂਬੇ ਭਰ ਦੀਆਂ ਸਫਾਈ ਸੇਵਕ ਜਥੇਬੰਦੀਆਂ ਨੇ 30 ਜੁਲਾਈ ਨੂੰ ਪੰਜਾਬ ਪੱਧਰੀ ਹੜਤਾਲ ਅਤੇ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ 27 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਮੁਲਤਵੀ ਕਰਦੇ ਹੋਏ ਹੁਣ 30 ਜੁਲਾਈ ਨੂੰ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਜਾਣਕਾਰੀ ਬਰਨਾਲਾ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਸਫਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਅਤੇ ਸਰਕਾਰ ਵੱਲੋਂ ਲਗਾਤਾਰ ਮੰਗਾਂ ਦੀ ਅਣਦੇਖੀ ਦੇ ਵਿਰੋਧ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।ਗੁਲਸ਼ਨ ਕੁਮਾਰ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 30 ਜੁਲਾਈ ਤੋਂ ਪਹਿਲਾਂ ਸਫਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ , ਤਾਂ ਉਸ ਦਿਨ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਬੰਦ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਲੋਕਾਂ ਦੀ ਆਵਾਜ਼ ਸੁਣਨੀ ਹੀ ਪਵੇਗੀ।
ਬਰਨਾਲਾ ਵਿੱਚ ਹੋਏ ਲਾਠੀਚਾਰਜ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਜਖ਼ਮੀ ਸਫਾਈ ਸੇਵਕਾਂ ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਨੇ ਸਫਾਈ ਸੇਵਕਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਹਰ ਮੋਰਚੇ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।ਸਫਾਈ ਸੇਵਕ ਯੂਨੀਅਨ ਨੇ ਸਮੂਹ ਜਮਹੂਰੀ, ਇਨਕਲਾਬੀ, ਸਮਾਜ ਸੇਵੀ, ਮੁਲਾਜ਼ਮ ਅਤੇ ਵਪਾਰਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 30 ਜੁਲਾਈ ਦੀ ਪੰਜਾਬ ਬੰਦ ਹੜਤਾਲ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਦੇਣ।
ਜੇਕਰ ਸਰਕਾਰ ਅਤੇ ਸਫਾਈ ਸੇਵਕ ਯੂਨੀਅਨ ਵਿਚਾਲੇ ਇਸ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਬਣਦੀ, ਤਾਂ 30 ਜੁਲਾਈ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਵਾਜਾਈ, ਬਾਜ਼ਾਰਾਂ ਅਤੇ ਸਰਕਾਰੀ ਕੰਮਕਾਜ ‘ਤੇ ਵੀ ਅਸਰ ਪੈ ਸਕਦਾ ਹੈ।