ਲੁਧਿਆਣਾ: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ (65) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਮੁਤਾਬਕ ਰਵਿੰਦਰ ਕੌਰ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬਿਮਾਰ ਸਨ ਅਤੇ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 28 ਜੁਲਾਈ ਸਵੇਰੇ10:30 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ (ਨੇੜੇ ਜਰਗੜੀ), ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾਵੇਗਾ।ਰਵਿੰਦਰ ਕੌਰ ਆਪਣੇ ਪਿੱਛੇ ਪਤੀ ਗੁਰਮਿੰਦਰ ਸਿੰਘ ਗਿੱਲ, ਤਿੰਨ ਧੀਆਂ ਅਤੇ ਇੱਕ ਪੁੱਤਰ ਜਸਦੀਪ ਸਿੰਘ ਉਰਫ਼ ਜੱਸੀ ਗਿੱਲ ਨੂੰ ਛੱਡ ਗਏ ਹਨ।
ਜੱਸੀ ਗਿੱਲ ਦੀ ਮਾਤਾ ਦੇ ਦਿਹਾਂਤ ‘ਤੇ ਪੰਜਾਬੀ ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ, ਅਦਾਕਾਰਾਂ ਅਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਜੱਸੀ ਗਿੱਲ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ ਹੈ। ‘ਦਿਲ ਵਿਲ ਪਿਆਰ ਵਿਆਰ’,’ਮਿਸਟਰ ਐਂਡ ਮਿਸੀਜ਼ 420′ ਸਮੇਤ ਕਈ ਹਿੱਟ ਫ਼ਿਲਮਾਂ ਅਤੇ ਸੁਪਰਹਿੱਟ ਗੀਤਾਂ ਰਾਹੀਂ ਉਹ ਦੇਸ਼-ਵਿਦੇਸ਼ ਵਿੱਚ ਵੱਡੀ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਹਨ।