ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਟੀਮ ਨੇ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਕਾਰਵਾਈ ਕਰਦਿਆਂ 20 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੂੰ ਮੁਲਜ਼ਮ ਦੀ ਗਤੀਵਿਧੀਆਂ ਬਾਰੇ ਖ਼ਾਸ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਜੀਠਾ ਅਧੀਨ ਪੈਂਦੇ ਸੋਹੀਆਂ ਕਲਾਂ ਦੀ ਅਨਾਜ ਮੰਡੀ ਨੇੜੇ ਨਾਕਾਬੰਦੀ ਕੀਤੀ। ਜਿਵੇਂ ਹੀ ਸ਼ੱਕੀ ਕਾਰ ਉੱਥੇ ਪਹੁੰਚੀ ਤਾਂ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਕਾਰ ਵਿੱਚੋਂ ਕਰੀਬ 20 ਕਿਲੋ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਓਮ ਸ਼ਰਮਾ ਪੁੱਤਰ ਪਵਨ ਕੁਮਾਰ, ਵਾਸੀ ਚੱਬਾਲ ਕਲਾਂ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦੀ ਇਹ ਵੱਡੀ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਤਸਕਰੀ ਗਿਰੋਹ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ। ਨਾਲ ਹੀ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਇਸ ਨੈੱਟਵਰਕ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਜਾਂ ਸਰਹੱਦ ਪਾਰ ਤਸਕਰੀ ਗਿਰੋਹ ਤਾਂ ਸਰਗਰਮ ਨਹੀਂ।
ਕਾਊਂਟਰ ਇੰਟੈਲੀਜੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।