ਗਲਾਸਗੋ: ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੇ ਜੂਡੋ ਖਿਡਾਰੀਆਂ ਨੇ ਇਤਿਹਾਸ ਰਚ ਦਿੱਤਾ ਹੈ। ਤ੍ਰਿਪੁਰਾ ਦੀ ਅਸਮਿਤਾ ਡੇ ਅਤੇ ਹਰਸ਼ ਸਿੰਘ ਨੇ ਆਪਣੇ-ਆਪਣੇ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਨੂੰ ਜੂਡੋ ਵਿੱਚ ਪਹਿਲੀ ਵਾਰ ਗੋਲਡ ਮੈਡਲ ਦਿਵਾਇਆ। ਇਹ ਉਪਲਬਧੀ ਭਾਰਤੀ ਖੇਡ ਇਤਿਹਾਸ ਲਈ ਇੱਕ ਵੱਡਾ ਮੀਲ ਪੱਥਰ ਮੰਨੀ ਜਾ ਰਹੀ ਹੈ।
ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਅਸਮਿਤਾ ਡੇ ਦਾ ਮੁਕਾਬਲਾ ਕੈਨੇਡਾ ਦੀ ਹਾਈਡੀ ਕਵਾਚ ਨਾਲ ਹੋਇਆ। ਨਿਰਧਾਰਿਤ ਸਮੇਂ ਤੱਕ ਦੋਵੇਂ ਖਿਡਾਰੀਆਂ ਵਿਚਾਲੇ ਸਕੋਰ ਬਰਾਬਰ ਰਿਹਾ, ਜਿਸ ਕਾਰਨ ਮੁਕਾਬਲਾ ਐਕਸਟਰਾ ਟਾਈਮ ਵਿੱਚ ਗਿਆ। ਐਕਸਟਰਾ ਟਾਈਮ ਵਿੱਚ ਅਸਮਿਤਾ ਨੇ ਪਹਿਲਾ ਸਕੋਰ ਕਰਕੇ ਸੋਨ ਤਗਮੇ ‘ਤੇ ਕਬਜ਼ਾ ਜਮਾਇਆ ਅਤੇ ਭਾਰਤ ਲਈ ਇਤਿਹਾਸਕ ਜਿੱਤ ਦਰਜ ਕੀਤੀ।
ਦੂਜੇ ਪਾਸੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ ਹਰਸ਼ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਦੇ ਜੋਸ਼ੁਆ ਕਾਟਜ਼ ਨੂੰ 10-0 ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਨਾਲ ਉਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਜੂਡੋ ਵਿੱਚ ਸੋਨ ਤਗਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਵਾਰ 1934 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ ਸੀ। ਲਗਭਗ 92 ਸਾਲਾਂ ਤੱਕ ਜੂਡੋ ਵਿੱਚ ਭਾਰਤ ਨੂੰ ਇੱਕ ਵੀ ਸੋਨ ਤਗਮਾ ਨਹੀਂ ਮਿਲਿਆ ਸੀ। ਅਸਮਿਤਾ ਡੇ ਅਤੇ ਹਰਸ਼ ਸਿੰਘ ਨੇ ਇਸ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਦਿਆਂ ਭਾਰਤੀ ਜੂਡੋ ਨੂੰ ਨਵੀਂ ਪਛਾਣ ਦਿਵਾਈ ਹੈ।
ਦੋਵਾਂ ਖਿਡਾਰੀਆਂ ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਖੇਡ ਪ੍ਰੇਮੀਆਂ ਅਤੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਉਪਲਬਧੀ ਆਉਣ ਵਾਲੀ ਪੀੜ੍ਹੀ ਦੇ ਜੂਡੋ ਖਿਡਾਰੀਆਂ ਲਈ ਵੀ ਇੱਕ ਵੱਡੀ ਪ੍ਰੇਰਣਾ ਸਾਬਤ ਹੋਵੇਗੀ।