Uttarakhand Rain Alert : ਉੱਤਰਾਖੰਡ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਰੁਦਰਪ੍ਰਯਾਗ, ਚਮੋਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਸੜਕਾਂ ਬੰਦ ਹੋ ਗਈਆਂ ਹਨ, ਜਦਕਿ ਬਦਰੀਨਾਥ ਰਾਸ਼ਟਰੀ ਰਾਜਮਾਰਗ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਤੋਂ ਬਾਅਦ ਪ੍ਰਸ਼ਾਸਨ ਨੇ ਪੰਜ ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਰੁਦਰਪ੍ਰਯਾਗ ਦੇ ਤਿਲਵਾੜਾ ਇਲਾਕੇ ਵਿੱਚ ਪਹਾੜੀ ਨਾਲੇ ਦੇ ਉਫਾਨ ‘ਚ ਆਉਣ ਕਾਰਨ ਵੱਡੀ ਮਾਤਰਾ ਵਿੱਚ ਮਲਬਾ ਕੇਦਾਰਨਾਥ ਹਾਈਵੇਅ ‘ਤੇ ਆ ਗਿਆ। ਇਸ ਕਾਰਨ 10 ਤੋਂ ਵੱਧ ਵਾਹਨ ਚਿੱਕੜ ਅਤੇ ਮਲਬੇ ਵਿੱਚ ਫਸ ਗਏ। ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਰਸਤਾ ਖੋਲ੍ਹਣ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਚਮੋਲੀ ‘ਚ ਬੱਦਲ ਫਟਣ ਵਰਗੀ ਘਟਨਾ, ਬਦਰੀਨਾਥ ਹਾਈਵੇਅ ਬੰਦ
ਚਮੋਲੀ ਜ਼ਿਲ੍ਹੇ ਦੇ ਵਿਨਾਇਕ ਚੱਟੀ ਇਲਾਕੇ ਵਿੱਚ ਬੱਦਲ ਫਟਣ ਵਰਗੀ ਘਟਨਾ ਦੀ ਸੂਚਨਾ ਮਿਲੀ ਹੈ। ਜ਼ਮੀਨ ਖਿਸਕਣ ਕਾਰਨ ਹੇਲਾਂਗ ਅਤੇ ਆਮਸੌਦ ਨੇੜੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਾਰਨ 200 ਤੋਂ ਵੱਧ ਯਾਤਰੀ ਰਸਤੇ ਵਿੱਚ ਫਸੇ ਹੋਏ ਹਨ।ਇਸ ਤੋਂ ਇਲਾਵਾ, ਨਰਾਇਣਬਾਗਰ-ਕਰਨਪ੍ਰਯਾਗ ਮੋਟਰ ਮਾਰਗ ਵੀ ਕਈ ਥਾਵਾਂ ‘ਤੇ ਮਲਬਾ ਅਤੇ ਵੱਡੇ ਪੱਥਰ ਡਿੱਗਣ ਕਾਰਨ ਬੰਦ ਹੋ ਗਿਆ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ।
ਲਗਾਤਾਰ ਮੀਂਹ ਕਾਰਨ ਅਲਕਨੰਦਾ ਨਦੀ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਪ੍ਰਸ਼ਾਸਨ ਵੱਲੋਂ ਲਾਊਡਸਪੀਕਰਾਂ ਰਾਹੀਂ ਲੋਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਭਾਰਤੀ ਮੌਸਮ ਵਿਭਾਗ (IMD) ਨੇ ਦੇਹਰਾਦੂਨ, ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।ਇਸ ਤੋਂ ਇਲਾਵਾ ਟਿਹਰੀ, ਉੱਤਰਕਾਸ਼ੀ, ਪੌੜੀ ਗੜ੍ਹਵਾਲ, ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਰੁਦਰਪ੍ਰਯਾਗ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
5 ਜ਼ਿਲ੍ਹਿਆਂ ‘ਚ ਸਕੂਲ ਬੰਦ
ਮੌਸਮ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰੁਦਰਪ੍ਰਯਾਗ, ਚਮੋਲੀ, ਦੇਹਰਾਦੂਨ, ਬਾਗੇਸ਼ਵਰ ਅਤੇ ਪੌੜੀ ਗੜ੍ਹਵਾਲ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਕੇਂਦਰਾਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਮੌਸਮ ਵਿਭਾਗ ਅਨੁਸਾਰ ਉੱਤਰਾਖੰਡ ਵਿੱਚ 9 ਅਗਸਤ ਤੱਕ ਭਾਰੀ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਅਤੇ ਚਾਰਧਾਮ ਯਾਤਰੀਆਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ, ਦਰਿਆਵਾਂ ਅਤੇ ਪਹਾੜੀ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਸਿਰਫ਼ ਅਧਿਕਾਰਤ ਮੌਸਮ ਅਪਡੇਟਾਂ ‘ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ।