ਕੀ 1 ਜਨਵਰੀ 2027 ਤੋਂ ਪੁਰਾਣੀਆਂ ਚੈੱਕਬੁੱਕਾਂ ਹੋ ਜਾਣਗੀਆਂ ਬੰਦ?
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਪੋਸਟ ਵਿੱਚ ਲੋਕਾਂ ਨੂੰ 31 ਦਸੰਬਰ 2026 ਤੱਕ ਆਪਣੀਆਂ ਮੌਜੂਦਾ ਚੈੱਕਬੁੱਕਾਂ ਬਦਲਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪੋਸਟ ਮੁਤਾਬਕ, ਨਵੇਂ ਸਾਲ ਤੋਂ ਬੈਂਕਾਂ ਵੱਲੋਂ ਨਵੀਆਂ ਚੈੱਕਬੁੱਕਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਅਲਫਾ-ਨਿਊਮੇਰਿਕ ਕੋਡ, ਨਵਾਂ MICR ਨੰਬਰ, UV ਕੋਡ ਅਤੇ ਹੋਰ ਸੁਰੱਖਿਆ ਵਿਸ਼ੇਸ਼ਤਾਵਾਂ ਹੋਣਗੀਆਂ।
ਇਸ ਤੋਂ ਇਲਾਵਾ, ਵਾਇਰਲ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ 50,000 ਰੁਪਏ ਤੋਂ ਵੱਧ ਰਕਮ ਵਾਲੇ ਪੁਰਾਣੇ ਚੈੱਕ ਸਵੀਕਾਰ ਨਹੀਂ ਕੀਤੇ ਜਾਣਗੇ। ਲੋਕਾਂ ਨੂੰ ਬੈਂਕ ਸ਼ਾਖਾ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਨਵੀਂ ਚੈੱਕਬੁੱਕ ਲਈ ਅਰਜ਼ੀ ਦੇਣ ਲਈ ਵੀ ਕਿਹਾ ਜਾ ਰਿਹਾ ਹੈ।
RBI ਨੇ ਵਾਇਰਲ ਦਾਅਵੇ ਨੂੰ ਦੱਸਿਆ ਫਰਜ਼ੀ
ਭਾਰਤੀ ਰਿਜ਼ਰਵ ਬੈਂਕ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ ਹੈ। RBI ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਸ ਵਾਇਰਲ ਸੰਦੇਸ਼ ਨੂੰ ਸਾਂਝਾ ਕਰਦਿਆਂ ਇਸ ਨੂੰ ‘FAKE’ ਦੱਸਿਆ ਹੈ।RBI ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਵਰਤੀਆਂ ਜਾ ਰਹੀਆਂ ਸਟੈਂਡਰਡ ਚੈੱਕ ਟਰੰਕੇਸ਼ਨ ਸਿਸਟਮ (CTS) ਵਾਲੀਆਂ ਚੈੱਕਬੁੱਕਾਂ ਨੂੰ 31 ਦਸੰਬਰ 2026 ਤੋਂ ਬਾਅਦ ਬਦਲਣ ਸਬੰਧੀ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ 1 ਜਨਵਰੀ 2027 ਤੋਂ ਨਵੀਆਂ ਚੈੱਕਬੁੱਕਾਂ ਲਾਜ਼ਮੀ ਕਰਨ ਵਾਲਾ ਸੰਦੇਸ਼ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਹੈ।
50 ਹਜ਼ਾਰ ਤੋਂ ਵੱਧ ਦੇ ਪੁਰਾਣੇ ਚੈੱਕਾਂ ਬਾਰੇ ਵੀ ਨਹੀਂ ਹੈ ਅਜਿਹਾ ਨਿਯਮ
ਵਾਇਰਲ ਪੋਸਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ 50,000 ਰੁਪਏ ਤੋਂ ਵੱਧ ਰਕਮ ਵਾਲੇ ਪੁਰਾਣੇ ਚੈੱਕ ਬੈਂਕਾਂ ਵੱਲੋਂ ਸਵੀਕਾਰ ਨਹੀਂ ਕੀਤੇ ਜਾਣਗੇ। ਪਰ RBI ਦੇ ਸਪੱਸ਼ਟੀਕਰਨ ਮੁਤਾਬਕ, ਪੁਰਾਣੀਆਂ CTS ਚੈੱਕਬੁੱਕਾਂ ਨੂੰ ਬੰਦ ਕਰਨ ਜਾਂ ਇਸ ਤਰ੍ਹਾਂ ਦੀ ਕੋਈ ਨਵੀਂ ਲਾਜ਼ਮੀ ਸ਼ਰਤ ਲਾਗੂ ਕਰਨ ਸਬੰਧੀ ਅਜਿਹਾ ਨਿਯਮ ਨਹੀਂ ਬਣਾਇਆ ਗਿਆ ਹੈ।
ਇਸ ਲਈ ਗਾਹਕਾਂ ਨੂੰ ਸਿਰਫ਼ ਵਾਇਰਲ ਸੰਦੇਸ਼ ਦੇ ਆਧਾਰ ‘ਤੇ ਆਪਣੀ ਚੈੱਕਬੁੱਕ ਬਦਲਵਾਉਣ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕਿਸੇ ਬੈਂਕ ਵੱਲੋਂ ਤੁਹਾਡੇ ਖਾਤੇ ਜਾਂ ਚੈੱਕਬੁੱਕ ਸਬੰਧੀ ਕੋਈ ਅਸਲ ਤਬਦੀਲੀ ਕੀਤੀ ਜਾਂਦੀ ਹੈ, ਤਾਂ ਉਸ ਦੀ ਜਾਣਕਾਰੀ ਬੈਂਕ ਦੇ ਅਧਿਕਾਰਤ ਸੰਚਾਰ ਰਾਹੀਂ ਪ੍ਰਾਪਤ ਕਰੋ।
ਲੋਕਾਂ ਨੂੰ RBI ਦੀ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰਨ ਦੀ ਅਪੀਲ
RBI ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੈਂਕਿੰਗ ਨਿਯਮਾਂ ਨਾਲ ਜੁੜੀਆਂ ਖ਼ਬਰਾਂ ਅਤੇ ਸੰਦੇਸ਼ਾਂ ਦੀ ਪੁਸ਼ਟੀ ਕੀਤੇ ਬਿਨਾਂ ਉਨ੍ਹਾਂ ‘ਤੇ ਭਰੋਸਾ ਨਾ ਕਰਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀ ਹਰ ਜਾਣਕਾਰੀ ਸਹੀ ਨਹੀਂ ਹੁੰਦੀ। ਇਸ ਲਈ ਕਿਸੇ ਵੀ ਬੈਂਕਿੰਗ ਨਿਯਮ ਬਾਰੇ ਜਾਣਕਾਰੀ ਲਈ RBI ਦੀ ਅਧਿਕਾਰਤ ਵੈੱਬਸਾਈਟ, ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਜਾਂ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ।
