ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਨੇ ਕਥਿਤ ਤੌਰ ‘ਤੇ ਦੋ ਦਿਨਾਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਤੀ-ਪਤਨੀ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸ ਝਗੜੇ ਵਿੱਚ ਪਤਨੀ ਦਾ ਪਰਿਵਾਰ ਅਕਸਰ ਉਸਦਾ ਸਾਥ ਦਿੰਦਾ ਸੀ, ਜਿਸ ਕਾਰਨ ਮੁਲਜ਼ਮ ਉਨ੍ਹਾਂ ਨਾਲ ਨਾਰਾਜ਼ ਰਹਿੰਦਾ ਸੀ।
ਵਿਆਹ ਤੋਂ ਬਾਅਦ ਹੀ ਪਤੀ-ਪਤਨੀ ਵਿਚਕਾਰ ਰਹਿੰਦਾ ਸੀ ਵਿਵਾਦ
ਜਾਣਕਾਰੀ ਅਨੁਸਾਰ, ਮੁਲਜ਼ਮ ਇੰਦੂਸ਼ੇਖਰ ਬੰਗਲੁਰੂ ਦੇ ਰਾਜਾਜੀਨਗਰ ਇਲਾਕੇ ਵਿੱਚ ਬਾਸ਼ਮ ਸਰਕਲ ਦੇ ਨੇੜੇ ਰਹਿੰਦਾ ਸੀ ਅਤੇ ਕੈਬ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦਾ ਕਰੀਬ 20 ਸਾਲ ਪਹਿਲਾਂ ਸੁਨੀਤਾ ਨਾਲ ਵਿਆਹ ਹੋਇਆ ਸੀ।ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਹੀ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਜਦੋਂ ਵੀ ਪਤੀ-ਪਤਨੀ ਵਿਚਕਾਰ ਵਿਵਾਦ ਹੁੰਦਾ ਸੀ ਤਾਂ ਸੁਨੀਤਾ ਦਾ ਪਰਿਵਾਰ ਉਸਦਾ ਸਮਰਥਨ ਕਰਦਾ ਸੀ। ਇਸ ਗੱਲ ਨੂੰ ਲੈ ਕੇ ਇੰਦੂਸ਼ੇਖਰ ਦੇ ਮਨ ਵਿੱਚ ਆਪਣੇ ਸਹੁਰੇ ਪਰਿਵਾਰ ਪ੍ਰਤੀ ਨਾਰਾਜ਼ਗੀ ਵਧਦੀ ਗਈ।
ਪੁਲਿਸ ਮੁਤਾਬਕ, ਮੁਲਜ਼ਮ ਨੂੰ ਸ਼ੱਕ ਸੀ ਕਿ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਉਸਦੀ ਵਿਆਹੁਤਾ ਜ਼ਿੰਦਗੀ ਵਿੱਚ ਦਖਲ ਦੇ ਰਹੇ ਹਨ ਅਤੇ ਉਸਦੀ ਪਤਨੀ ਨੂੰ ਉਸਦੇ ਖ਼ਿਲਾਫ਼ ਭੜਕਾ ਰਹੇ ਹਨ। ਇਸੇ ਰੰਜਿਸ਼ ਕਾਰਨ ਉਸਨੇ ਕਥਿਤ ਤੌਰ ‘ਤੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।
ਪਹਿਲਾਂ ਪਤਨੀ ਦਾ ਕਤਲ ਕਰਕੇ ਲਾਸ਼ ਨੰਦੀ ਪਹਾੜੀਆਂ ‘ਤੇ ਸੁੱਟੀ
ਜਾਂਚ ਵਿੱਚ ਸਾਹਮਣੇ ਆਏ ਵੇਰਵਿਆਂ ਅਨੁਸਾਰ, ਮੁਲਜ਼ਮ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਸੁਨੀਤਾ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਉਸਦੀ ਲਾਸ਼ ਨੂੰ ਆਪਣੀ ਕਾਰ ਵਿੱਚ ਲਿਜਾ ਕੇ ਨੰਦੀ ਪਹਾੜੀਆਂ ਦੇ ਇਲਾਕੇ ਵਿੱਚ ਸੁੱਟ ਦਿੱਤਾ।ਇਸ ਤੋਂ ਬਾਅਦ ਉਸਨੇ ਆਪਣੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੱਖ-ਵੱਖ ਬਹਾਨਿਆਂ ਨਾਲ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਕਥਿਤ ਤੌਰ ‘ਤੇ ਇੱਕ-ਇੱਕ ਕਰਕੇ ਸਾਰਿਆਂ ਨੂੰ ਨਿਸ਼ਾਨਾ ਬਣਾਇਆ।
ਪਾਰਟੀ ਦੇ ਬਹਾਨੇ ਬੁਲਾਏ ਦੋ ਸਾਲੇ, ਸੱਸ ਅਤੇ ਹੋਰ ਮੈਂਬਰਾਂ ਦਾ ਵੀ ਕਤਲ
ਪੁਲਿਸ ਵੱਲੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ, ਇੰਦੂਸ਼ੇਖਰ ਨੇ ਆਪਣੀ ਪਤਨੀ ਦੇ ਦੋ ਭਰਾਵਾਂ ਸ਼ਿਵਕੁਮਾਰ ਅਤੇ ਸ਼ੰਕਰ ਨੂੰ ਪਾਰਟੀ ਦੇ ਬਹਾਨੇ ਆਪਣੇ ਘਰ ਬੁਲਾਇਆ। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਸੁਨੀਤਾ ਘਰ ਤੋਂ ਬਾਹਰ ਗਈ ਹੋਈ ਹੈ।ਇਸ ਤੋਂ ਬਾਅਦ ਦੋਵਾਂ ਦੀ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਨੇ ਆਪਣੀ ਸੱਸ ਰੂਪਵਤੀ ਅਤੇ ਪਰਿਵਾਰ ਦੀਆਂ ਹੋਰ ਦੋ ਔਰਤਾਂ ਦਿਵਿਆ ਤੇ ਨਲਿਨੀ ਨੂੰ ਵੀ ਵੱਖ-ਵੱਖ ਬਹਾਨਿਆਂ ਨਾਲ ਘਰ ਬੁਲਾ ਕੇ ਕਥਿਤ ਤੌਰ ‘ਤੇ ਮਾਰ ਦਿੱਤਾ।
ਇਸ ਤੋਂ ਇਲਾਵਾ, ਸ਼ਿਵਕੁਮਾਰ ਦੇ 7 ਸਾਲਾ ਪੁੱਤਰ ਪੁਨੀਤ ਦੀ ਵੀ ਹੱਤਿਆ ਕਰ ਦਿੱਤੀ ਗਈ। ਮੁੱਢਲੀ ਜਾਂਚ ਵਿੱਚ ਕਤਲਾਂ ਲਈ ਘਰ ਵਿੱਚ ਮੌਜੂਦ ਇੱਕ ਭਾਰੀ ਪੀਹਣ ਵਾਲੇ ਪੱਥਰ ਦੀ ਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਕਤਲ ਤੋਂ ਬਾਅਦ ਘਰ ਦੀ ਸਫ਼ਾਈ ਕੀਤੀ, ਲਾਸ਼ਾਂ ਵੱਖ-ਵੱਖ ਥਾਵਾਂ ‘ਤੇ ਸੁੱਟੀਆਂ
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਘਰ ਵਿੱਚ ਲੱਗੇ ਖੂਨ ਦੇ ਧੱਬਿਆਂ ਨੂੰ ਸਾਫ਼ ਕੀਤਾ ਅਤੇ ਕਥਿਤ ਤੌਰ ‘ਤੇ ਕਤਲ ਵਿੱਚ ਵਰਤੇ ਗਏ ਪੱਥਰ ਨੂੰ ਵੀ ਰਸਾਇਣਾਂ ਨਾਲ ਸਾਫ਼ ਕੀਤਾ।ਇਸ ਤੋਂ ਬਾਅਦ ਉਸਨੇ ਲਾਸ਼ਾਂ ਨੂੰ ਆਪਣੀ ਕਾਰ ਵਿੱਚ ਰੱਖ ਕੇ ਬੰਗਲੁਰੂ ਤੋਂ ਕਰੀਬ 60 ਕਿਲੋਮੀਟਰ ਦੂਰ ਚਿੱਕਾਬੱਲਾਪੁਰ ਜ਼ਿਲ੍ਹੇ ਦੇ ਨੰਦੀ ਪਹਾੜੀਆਂ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ।
ਗੁੰਮਸ਼ੁਦਗੀ ਦੀ ਸ਼ਿਕਾਇਤ ਤੋਂ ਖੁੱਲ੍ਹਿਆ ਕਤਲਾਂ ਦਾ ਰਾਜ਼
ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੇ ਕਈ ਮੈਂਬਰ ਅਚਾਨਕ ਲਾਪਤਾ ਹੋ ਗਏ। ਇਸ ਤੋਂ ਬਾਅਦ ਇੱਕ ਰਿਸ਼ਤੇਦਾਰ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਕਾਲ ਰਿਕਾਰਡ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਸ਼ੱਕ ਇੰਦੂਸ਼ੇਖਰ ‘ਤੇ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਕਥਿਤ ਤੌਰ ‘ਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।
ਪੁਲਿਸ ਨੇ ਨੰਦੀ ਹਿਲਜ਼ ਦੇ ਨੇੜੇ 7 ਸਾਲਾ ਬੱਚੇ ਪੁਨੀਤ ਦੀ ਲਾਸ਼ ਬਰਾਮਦ ਕੀਤੀ ਹੈ। ਬਾਕੀ ਲਾਸ਼ਾਂ ਅਤੇ ਹੋਰ ਸਬੂਤਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਖ਼ੌਫ਼ਨਾਕ ਘਟਨਾ ਨੇ ਇੱਕ ਵਾਰ ਫਿਰ ਘਰੇਲੂ ਵਿਵਾਦਾਂ ਦੇ ਗੰਭੀਰ ਅਤੇ ਦਰਦਨਾਕ ਨਤੀਜਿਆਂ ਨੂੰ ਸਾਹਮਣੇ ਲਿਆ ਦਿੱਤਾ ਹੈ।
