ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਤ ਸਿੰਘ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਆਪਣੇ ਰਿਪਬਲਿਕਨ ਵਿਰੋਧੀ ਯਾਸੀਨ ਮੋਗਾਜੀ ਨੂੰ ਵੱਡੇ ਫਰਕ ਨਾਲ ਹਰਾਇਆ। ਉਨ੍ਹਾਂ ਨੇ ਜਾਰਜੀਆ ਹਾਊਸ ਦੇ ਡਿਸਟ੍ਰਿਕਟ 97 ਤੋਂ 68 ਫੀਸਦੀ ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।
68 ਫੀਸਦੀ ਵੋਟਾਂ ਹਾਸਲ ਕਰਕੇ ਜਿੱਤੀ ਚੋਣ
ਚੋਣ ਨਤੀਜਿਆਂ ਮੁਤਾਬਕ ਜੋਤ ਸਿੰਘ ਨੂੰ ਕੁੱਲ 13,820 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਯਾਸੀਨ ਮੋਗਾਜੀ ਨੂੰ 6,502 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਜੋਤ ਸਿੰਘ ਨੇ ਲਗਭਗ 36 ਫੀਸਦੀ ਅੰਕਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।ਆਪਣੀ ਜਿੱਤ ਤੋਂ ਬਾਅਦ ਜੋਤ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਾਊਸ ਡਿਸਟ੍ਰਿਕਟ 97 ਵਿੱਚ ਆਪਣੇ ਭਾਈਚਾਰੇ ਲਈ ਇਤਿਹਾਸ ਰਚਿਆ ਹੈ।
ਜਾਰਜੀਆ ਹਾਊਸ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ
ਜੋਤ ਸਿੰਘ ਦੀ ਇਸ ਜਿੱਤ ਦੀ ਖਾਸ ਗੱਲ ਇਹ ਹੈ ਕਿ ਉਹ ਜਾਰਜੀਆ ਦੀ ਜਨਰਲ ਅਸੈਂਬਲੀ ਵਿੱਚ ਸੇਵਾ ਨਿਭਾਉਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਉਨ੍ਹਾਂ ਦੀ ਚੋਣ ਨੂੰ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਸਿਆਸੀ ਨੁਮਾਇੰਦਗੀ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।
ਜੋਤ ਸਿੰਘ ਯੇਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ ਅਤੇ ਜਾਰਜੀਆ ਦੀ ਗਵਿਨੇਟ ਕਾਉਂਟੀ ਵਿੱਚ ਵੱਡੇ ਹੋਏ ਹਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਤਰਜੀਹ ਦਿੱਤੀ।
ਸਿਹਤ ਸਹੂਲਤਾਂ ਅਤੇ ਘਰਾਂ ਦੀਆਂ ਕੀਮਤਾਂ ਸਨ ਮੁੱਖ ਮੁੱਦੇ
ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਆਪਣੇ ਵਿਜ਼ਨ ਸਟੇਟਮੈਂਟ ਵਿੱਚ ਜੋਤ ਸਿੰਘ ਨੇ ਸਿਹਤ ਸੰਭਾਲ ਅਤੇ ਰਿਹਾਇਸ਼ ਦੀਆਂ ਵਧਦੀਆਂ ਲਾਗਤਾਂ ਬਾਰੇ ਗੱਲ ਕੀਤੀ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਸਹੂਲਤਾਂ ਹਰ ਪਰਿਵਾਰ ਦੀ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਘਰਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਸਥਾਈ ਰਿਹਾਇਸ਼ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।ਉਨ੍ਹਾਂ ਨੇ ਗਵਿਨੇਟ ਕਾਉਂਟੀ ਦੀ ਵਿਭਿੰਨਤਾ ਨੂੰ ਇਲਾਕੇ ਦੀ ਤਾਕਤ ਦੱਸਦਿਆਂ ਹਰ ਭਾਈਚਾਰੇ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਵੀ ਕੀਤੀ।
ਮਈ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਵੀ ਦਰਜ ਕੀਤੀ ਸੀ ਜਿੱਤ
ਜੋਤ ਸਿੰਘ ਨੇ ਮਈ ਮਹੀਨੇ ਵਿੱਚ ਹੋਈਆਂ ਡੈਮੋਕ੍ਰੇਟਿਕ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਜੈਕਸ ਲੌਰੈਂਟ ਨੂੰ ਹਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਰਲ ਚੋਣਾਂ ਵਿੱਚ ਵੀ ਜਿੱਤ ਦਰਜ ਕਰਕੇ ਜਾਰਜੀਆ ਦੀ ਸਿਆਸਤ ਵਿੱਚ ਆਪਣੀ ਨਵੀਂ ਪਛਾਣ ਬਣਾਈ ਹੈ।
ਜੋਤ ਸਿੰਘ ਦੀ ਇਹ ਜਿੱਤ ਅਮਰੀਕਾ ਵਿੱਚ ਵੱਸਦੇ ਭਾਰਤੀ ਅਤੇ ਸਿੱਖ ਭਾਈਚਾਰੇ ਲਈ ਅਹਿਮ ਪ੍ਰਾਪਤੀ ਹੈ। ਉਨ੍ਹਾਂ ਦੀ ਸਫਲਤਾ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਨੌਜਵਾਨਾਂ ਦੀ ਸਿਆਸੀ ਨੁਮਾਇੰਦਗੀ ਨੂੰ ਵੀ ਨਵੀਂ ਪਛਾਣ ਮਿਲੀ ਹੈ।
