ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫ਼ੈਸਲਾ ਲੈਂਦਿਆਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀ.ਆਈ.ਜੀ. (DIG) ਹਰਮਨਬੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ (CP) ਨਿਯੁਕਤ ਕੀਤਾ ਹੈ। ਉਹ ਆਈ.ਪੀ.ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।
2010 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਰਮਨਬੀਰ ਸਿੰਘ ਗਿੱਲ ਇਸ ਤੋਂ ਪਹਿਲਾਂ ਅੰਮ੍ਰਿਤਸਰ ਬਾਰਡਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਦੇ ਨਾਲ-ਨਾਲ ਉਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਹੁਣ ਸਰਕਾਰ ਨੇ ਉਨ੍ਹਾਂ ਨੂੰ ਪੂਰੇ ਸਮੇਂ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਹੈ।
ਹਰਮਨਬੀਰ ਸਿੰਘ ਗਿੱਲ ਨੇ ਸਰਹੱਦੀ ਖੇਤਰਾਂ ਵਿੱਚ ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਖ਼ਾਸ ਕਰਕੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਕੀਤੀ ਜਾਂਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਚਲਾਈਆਂ ਗਈਆਂ ਮੁਹਿੰਮਾਂ ਅਤੇ ਗੈਂਗਸਟਰਾਂ ਖ਼ਿਲਾਫ਼ ‘ਅਪਰੇਸ਼ਨ ਪ੍ਰਹਾਰ’ ਦੌਰਾਨ ਉਨ੍ਹਾਂ ਦੀ ਭੂਮਿਕਾ ਕਾਫ਼ੀ ਚਰਚਾ ਵਿੱਚ ਰਹੀ ਹੈ।
ਹਾਲ ਹੀ ਵਿੱਚ ਉਨ੍ਹਾਂ ਨੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਇੱਕ ਐੱਸ.ਐੱਚ.ਓ. ਨੂੰ ਅਚਨਚੇਤ ਨਿਰੀਖਣ ਦੌਰਾਨ ਮੌਕੇ ‘ਤੇ ਹੀ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੀ ਇਸ ਕਾਰਵਾਈ ਨੂੰ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਗਿਆ।
ਆਪਣੀਆਂ ਸ਼ਾਨਦਾਰ ਸੇਵਾਵਾਂ ਲਈ ਹਰਮਨਬੀਰ ਸਿੰਘ ਗਿੱਲ ਨੂੰ ਸਾਲ 2022 ਵਿੱਚ ‘ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਆਪ੍ਰੇਸ਼ਨ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ’ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਆਪਣੇ ਪੁਲਿਸ ਕਰੀਅਰ ਦੌਰਾਨ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਪੀ.ਏ.ਪੀ. ਜਲੰਧਰ ਅਤੇ ਆਈ.ਆਰ.ਬੀ. ਪਟਿਆਲਾ ਸਮੇਤ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਅੰਮ੍ਰਿਤਸਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
