ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸੰਭਾਵਿਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇੱਕ IED ਬਰਾਮਦ ਕੀਤਾ ਹੈ, ਜਿਸ ਨੂੰ ਪੁਲਿਸ ਅਦਾਰੇ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਜਾਣ ਦਾ ਸ਼ੱਕ ਹੈ। ਬਰਾਮਦ ਕੀਤੇ ਗਏ IED ਦਾ ਵਜ਼ਨ ਕਰੀਬ 690 ਗ੍ਰਾਮ ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿੱਚ IED ਤੋਂ ਇਲਾਵਾ ਇੱਕ ਇਲੈਕਟ੍ਰਾਨਿਕ ਡੈਟੋਨੇਟਰ, ਬੈਟਰੀ, ਟਾਈਮਰ ਅਤੇ ਲੋਹੇ ਦਾ ਡੱਬਾ ਵੀ ਸ਼ਾਮਲ ਹੈ। ਬਰਾਮਦਗੀ ਤੋਂ ਬਾਅਦ ਵਿਸਫੋਟਕ ਸਮੱਗਰੀ ਨੂੰ ਸੁਰੱਖਿਆ ਪ੍ਰੋਟੋਕੋਲ ਤਹਿਤ ਕਬਜ਼ੇ ਵਿੱਚ ਲਿਆ ਗਿਆ।ਇਸ ਤੋਂ ਬਾਅਦ ਬੰਬ ਡਿਸਪੋਜ਼ਲ ਸਕੁਐਡ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਸ ਵੱਲੋਂ IED ਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ ਗਿਆ। ਇਸ ਕਾਰਵਾਈ ਨਾਲ ਇੱਕ ਸੰਭਾਵਿਤ ਵੱਡੇ ਖਤਰੇ ਨੂੰ ਟਾਲਣ ਵਿੱਚ ਸਫਲਤਾ ਮਿਲੀ।ਅੰਮ੍ਰਿਤਸਰ ਦਿਹਾਤੀ ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਆਮ ਲੋਕਾਂ ਦੀ ਸੁਰੱਖਿਆ ਲਈ ਪੈਦਾ ਹੋ ਸਕਦਾ ਵੱਡਾ ਖਤਰਾ ਟਲ ਗਿਆ ਹੈ। ਪੁਲਿਸ ਨੇ ਮਾਮਲੇ ਸਬੰਧੀ ਸਬੰਧਤ ਥਾਣੇ ਵਿੱਚ ਕਾਨੂੰਨ ਦੀਆਂ ਢੁਕਵੀਆਂ ਧਾਰਾਵਾਂ ਤਹਿਤ FIR ਦਰਜ ਕਰ ਲਈ ਹੈ।
ਸਾਜ਼ਿਸ਼ ਦੇ ਪਿੱਛੇ ਕੌਣ? ਜਾਂਚ ਜਾਰੀ
ਹੁਣ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਬਰਾਮਦ IED ਨੂੰ ਕਿੱਥੇ ਅਤੇ ਕਿਸ ਮਕਸਦ ਨਾਲ ਵਰਤਣ ਦੀ ਯੋਜਨਾ ਸੀ।ਪੁਲਿਸ ਵੱਲੋਂ ਸੰਭਾਵਿਤ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਦੇ ਆਧਾਰ ’ਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Amritsar Rural Police averts a terror plot targeting a police establishment and recovers an Improvised Explosive Device(IED) weighing 690 grams, along with an electronic detonator, battery, timer and iron box.
After seizure, the explosive material was handled as per established… pic.twitter.com/I711R3AYl2
— DGP Punjab Police (@DGPPunjabPolice) August 16, 2026
ਅੱਤਵਾਦੀ ਨੈੱਟਵਰਕ ਖ਼ਿਲਾਫ਼ ਕਾਰਵਾਈ ਜਾਰੀ
ਪੰਜਾਬ ਪੁਲਿਸ ਵੱਲੋਂ ਅੱਤਵਾਦੀ ਨੈੱਟਵਰਕ, ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਪੁਲਿਸ ਮੁਤਾਬਕ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਜਨਤਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
