ਫਿਰੋਜ਼ਪੁਰ: ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਗੁਲਾਬ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਗੁਰਜੀਤ ਸਿੰਘ ਤੂਤ ਦੀ ਧੀ ਦੀ 12ਵੀਂ ਜਮਾਤ ਤੱਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ।
ਗੁਲਾਬ ਸਿੱਧੂ ਨੇ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਗੁਰਜੀਤ ਦੀ ਧੀ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ 12ਵੀਂ ਜਮਾਤ ਤੱਕ ਦੀ ਸਿੱਖਿਆ ਦੀ ਜ਼ਿੰਮੇਵਾਰੀ ਉਹ ਖੁਦ ਨਿਭਾਉਣਗੇ।ਇਸ ਮੌਕੇ ਗੁਲਾਬ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਰਜੀਤ ਸਿੰਘ ਤੂਤ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਗੁਰਜੀਤ ਸਿੰਘ ਤੂਤ
ਰਿਪੋਰਟਾਂ ਮੁਤਾਬਕ ਗੁਰਜੀਤ ਸਿੰਘ ਤੂਤ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਕਬੱਡੀ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।
ਕਬੱਡੀ ਦੇ ਮੈਦਾਨ ’ਚ ਬਣਾਈ ਵੱਖਰੀ ਪਛਾਣ
ਗੁਰਜੀਤ ਸਿੰਘ ਤੂਤ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੁਤ ਨਾਲ ਸਬੰਧਤ ਦੱਸੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਖੇਡ ਕਰੀਅਰ ਦੌਰਾਨ ਕਬੱਡੀ ਦੇ ਮੈਦਾਨ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਹ ਆਪਣੀ ਧਾਕੜ ਖੇਡ, ਮਜ਼ਬੂਤ ਸਰੀਰ ਅਤੇ ਸ਼ਾਨਦਾਰ ਰੇਡਿੰਗ ਲਈ ਜਾਣੇ ਜਾਂਦੇ ਸਨ।ਕਬੱਡੀ ਨਾਲ ਜੁੜੇ ਲੋਕਾਂ ਵਿੱਚ ਗੁਰਜੀਤ ਤੁਤ ਦਾ ਨਾਮ ਖਾਸ ਤੌਰ ’ਤੇ ਜਾਣਿਆ ਜਾਂਦਾ ਰਿਹਾ। ਉਨ੍ਹਾਂ ਦੀ ਖੇਡ ਅਤੇ ਮੈਦਾਨ ਵਿੱਚ ਦਿਖਾਈ ਦਿੰਦੀ ਜੁਝਾਰੂ ਭਾਵਨਾ ਨੇ ਉਨ੍ਹਾਂ ਨੂੰ ਕਬੱਡੀ ਪ੍ਰੇਮੀਆਂ ਵਿੱਚ ਵੱਖਰੀ ਪਛਾਣ ਦਿਵਾਈ।
ਗੁਰਜੀਤ ਸਿੰਘ ਤੂਤ ਦੀ ਮੌਤ ਤੋਂ ਬਾਅਦ ਗੁਲਾਬ ਸਿੱਧੂ ਵੱਲੋਂ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਅਤੇ ਉਨ੍ਹਾਂ ਦੀ ਧੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕਣਾ ਸਮਾਜਿਕ ਸਹਿਯੋਗ ਦੀ ਇੱਕ ਮਿਸਾਲ ਵਜੋਂ ਸਾਹਮਣੇ ਆਇਆ ਹੈ।
