Chandigarh Railway Checking : ਰੇਲ ਯਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਰੇਲਵੇ ਨੇ ਵੱਡੀ ਚੈਕਿੰਗ ਮੁਹਿੰਮ ਚਲਾਈ ਹੈ। IRCTC ਦੇ ਚੰਡੀਗੜ੍ਹ ਰੀਜਨਲ ਦਫ਼ਤਰ ਵੱਲੋਂ ਪਿਛਲੇ ਇੱਕ ਹਫ਼ਤੇ ਦੌਰਾਨ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ ਵਿੱਚ ਚੱਲਣ ਵਾਲੀਆਂ 51 ਟਰੇਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੈਰ-ਮਨਜ਼ੂਰ ਬ੍ਰਾਂਡਾਂ ਦੀਆਂ 3,108 ਪੈਕਡ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ।ਰੇਲਵੇ ਵੱਲੋਂ ਇਹ ਮੁਹਿੰਮ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਗੈਰ-ਮਨਜ਼ੂਰਸ਼ੁਦਾ ਅਤੇ ਨਿਰਧਾਰਤ ਮਾਪਦੰਡਾਂ ‘ਤੇ ਖਰੇ ਨਾ ਉਤਰਨ ਵਾਲੇ ਖਾਣ-ਪੀਣ ਦੇ ਉਤਪਾਦਾਂ ਦੀ ਸਪਲਾਈ ਨੂੰ ਰੋਕਣ ਲਈ ਚਲਾਈ ਜਾ ਰਹੀ ਹੈ।
ਜਾਂਚ ਲਈ ਰੇਲਵੇ ਦੇ ਕਮਰਸ਼ੀਅਲ ਵਿਭਾਗ ਦੇ ਸਹਿਯੋਗ ਨਾਲ ਕੁਇੱਕ ਰਿਸਪਾਂਸ ਟੀਮਾਂ (QRTs) ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਟਰੇਨਾਂ ਅਤੇ ਸਟੇਸ਼ਨਾਂ ‘ਤੇ ਪੈਕਡ ਡ੍ਰਿੰਕਿੰਗ ਵਾਟਰ, ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਹੋਰ ਉਤਪਾਦਾਂ ਦੀ ਜਾਂਚ ਕਰ ਰਹੀਆਂ ਹਨ।ਚੰਡੀਗੜ੍ਹ ਰੀਜਨਲ ਦਫ਼ਤਰ ਦੇ ਅਧੀਨ ਆਉਂਦੇ ਕੇਟਰਿੰਗ ਯੂਨਿਟਾਂ ਦੀ ਵੀ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਜਾਂਚਾਂ ਦੀ ਅਗਵਾਈ IRCTC ਚੰਡੀਗੜ੍ਹ ਦੇ ਚੀਫ਼ ਰੀਜਨਲ ਮੈਨੇਜਰ (CRM) ਅਤੇ ਜੁਆਇੰਟ ਜਨਰਲ ਮੈਨੇਜਰ (JGM) ਵੱਲੋਂ ਕੀਤੀ ਜਾ ਰਹੀ ਹੈ।
ਅੰਬਾਲਾ ‘ਚ 13 ਕਾਰਟਨ ਜ਼ਬਤ
10 ਅਗਸਤ ਨੂੰ ਅੰਬਾਲਾ ਵਿੱਚ ਕੀਤੀਆਂ ਦੋ ਅਚਨਚੇਤ ਜਾਂਚਾਂ ਦੌਰਾਨ CRM ਦੀ ਅਗਵਾਈ ਵਾਲੀ ਟੀਮ ਨੇ ਗੈਰ-ਅਧਿਕਾਰਤ ਉਤਪਾਦਾਂ ਦੇ 13 ਕਾਰਟਨ ਜ਼ਬਤ ਕੀਤੇ। ਇਨ੍ਹਾਂ ਵਿੱਚ ਆਈਸਕ੍ਰੀਮ, ਫਲੇਵਰਡ ਮਿਲਕ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਸ਼ਾਮਲ ਸਨ।ਇਸ ਦੌਰਾਨ ਸਬੰਧਤ ਲਾਇਸੈਂਸ ਅਤੇ ਅਧਿਕਾਰਤ ਮਨਜ਼ੂਰੀਆਂ ਦੀ ਜਾਂਚ ਕਰਨ ਦੇ ਨਾਲ-ਨਾਲ ਸਫ਼ਾਈ ਅਤੇ ਫੂਡ ਸੇਫ਼ਟੀ ਨਾਲ ਜੁੜੇ ਨਿਯਮਾਂ ਦੀ ਵੀ ਜਾਂਚ ਕੀਤੀ ਗਈ।
ਸਹਾਰਨਪੁਰ ‘ਚ ਵੀ ਗੈਰ-ਅਧਿਕਾਰਤ ਸਾਮਾਨ ਬਰਾਮਦ
ਸਹਾਰਨਪੁਰ ਰੇਲਵੇ ਸਟੇਸ਼ਨ ‘ਤੇ ਕੀਤੀ ਗਈ ਜਾਂਚ ਦੌਰਾਨ ਵੀ ਗੈਰ-ਅਧਿਕਾਰਤ ਆਈਸਕ੍ਰੀਮ, ਪੀਣ ਵਾਲੇ ਪਦਾਰਥ ਅਤੇ ਪੈਕਡ ਡ੍ਰਿੰਕਿੰਗ ਵਾਟਰ ਜ਼ਬਤ ਕੀਤਾ ਗਿਆ।
ਰੇਲਵੇ ਮੁਤਾਬਕ ਇਹ ਮੁਹਿੰਮ ਸਿਰਫ਼ ਚੰਡੀਗੜ੍ਹ ਰੀਜਨ ਤੱਕ ਸੀਮਿਤ ਨਹੀਂ ਹੈ, ਸਗੋਂ ਹੋਰ ਰੀਜਨਾਂ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਲਖਨਊ ਰੀਜਨ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ 117 ਟਰੇਨਾਂ ਦੀ ਜਾਂਚ ਕੀਤੀ ਗਈ ਅਤੇ ਗੈਰ-ਮਨਜ਼ੂਰ ਬ੍ਰਾਂਡਾਂ ਵਾਲੀਆਂ ਪੈਕਡ ਪਾਣੀ ਦੀਆਂ 5,241 ਬੋਤਲਾਂ ਜ਼ਬਤ ਕੀਤੀਆਂ ਗਈਆਂ।
ਹੋਰ ਰੀਜਨਾਂ ‘ਚ ਵੀ ਕਾਰਵਾਈ
ਸਾਬਰਮਤੀ ਬੀਜੀ ਰੇਲਵੇ ਸਟੇਸ਼ਨ ‘ਤੇ ਟਰੇਨ ਨੰਬਰ 19223 ਅਤੇ 19031 ਦੀ ਟਰੇਨ ਸਾਈਡ ਵੈਂਡਿੰਗ (TSV) ਸੇਵਾਵਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਟਰੇਨਾਂ ਵਿੱਚ ਗੈਰ-ਅਧਿਕਾਰਤ ਪੈਕਡ ਡ੍ਰਿੰਕਿੰਗ ਵਾਟਰ ਅਤੇ ਛਾਛ ਲੋਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਟੀਮ ਨੇ ਸਾਮਾਨ ਜ਼ਬਤ ਕਰਕੇ ਅਗਲੀ ਕਾਰਵਾਈ ਲਈ ਭੇਜ ਦਿੱਤਾ।ਇਸੇ ਤਰ੍ਹਾਂ ਹਾਵੜਾ ਅਤੇ ਗੁਵਾਹਾਟੀ ਡਿਵੀਜ਼ਨਾਂ ਵਿੱਚ ਵੀ QRT ਟੀਮਾਂ ਨੇ ਕਈ ਥਾਵਾਂ ‘ਤੇ ਗੈਰ-ਅਧਿਕਾਰਤ ਖਾਣ-ਪੀਣ ਵਾਲੀਆਂ ਵਸਤੂਆਂ ਜ਼ਬਤ ਕਰਕੇ ਨਸ਼ਟ ਕੀਤੀਆਂ। ਇਨ੍ਹਾਂ ਕਾਰਵਾਈਆਂ ਵਿੱਚ ਕਾਮਾਖਿਆ, ਅਗਰਤਲਾ, ਕਟਿਹਾਰ, ਨਿਊ ਜਲਪਾਈਗੁੜੀ ਅਤੇ ਡਿਬਰੂਗੜ੍ਹ ਸਮੇਤ ਕਈ ਸਥਾਨ ਸ਼ਾਮਲ ਰਹੇ।
ਯਾਤਰੀਆਂ ਦੀ ਸੁਰੱਖਿਆ ‘ਤੇ ਫੋਕਸ
IRCTC ਦੀ ਇਸ ਤੇਜ਼ ਕੀਤੀ ਗਈ ਜਾਂਚ ਮੁਹਿੰਮ ਦਾ ਮੁੱਖ ਉਦੇਸ਼ ਰੇਲ ਯਾਤਰੀਆਂ ਨੂੰ ਸਿਰਫ਼ ਅਧਿਕਾਰਤ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਕੇਟਰਿੰਗ ਯੂਨਿਟਾਂ ਵੱਲੋਂ ਲਾਇਸੈਂਸ, ਸਫ਼ਾਈ ਅਤੇ ਫੂਡ ਸੇਫ਼ਟੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਰੇਲਵੇ ਦੀ ਇਸ ਕਾਰਵਾਈ ਤੋਂ ਬਾਅਦ ਰੇਲ ਯਾਤਰੀਆਂ ਲਈ ਇਹ ਸਲਾਹ ਵੀ ਅਹਿਮ ਹੈ ਕਿ ਟਰੇਨ ਜਾਂ ਸਟੇਸ਼ਨ ‘ਤੇ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਸਮੇਂ ਅਧਿਕਾਰਤ ਵਿਕਰੇਤਾਵਾਂ ਅਤੇ ਮਨਜ਼ੂਰਸ਼ੁਦਾ ਉਤਪਾਦਾਂ ਨੂੰ ਹੀ ਤਰਜੀਹ ਦਿੱਤੀ ਜਾਵੇ।
