Punjab Bandh Today: ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਬੰਦੀ ਸਿੱਖਾਂ ਦੀ ਰਿਹਾਈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਜੇਲ੍ਹਾਂ ਤੋਂ ਬਾਹਰ ਲਿਆਉਣ ਅਤੇ ਪੈਰੋਲ ਦੇ ਅਧਿਕਾਰ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਸੂਬਾ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਮੁਤਾਬਕ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਦਾ ਅਸਰ ਰਹੇਗਾ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ’ਤੇ ਆਮ ਆਵਾਜਾਈ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।
ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ ਬੰਦ
ਮੋਰਚੇ ਦੇ ਆਗੂਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਅੱਜ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਲੋਕਾਂ ਨੂੰ ਆਪਣੇ ਕਾਰੋਬਾਰ, ਵਪਾਰਕ ਅਦਾਰੇ ਅਤੇ ਵਾਹਨ ਬੰਦ ਰੱਖ ਕੇ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।ਮੋਰਚੇ ਵੱਲੋਂ ਹਾਈਵੇਅ ਅਤੇ ਆਮ ਆਵਾਜਾਈ ਬੰਦ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਇਸ ਕਰਕੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਅੱਜ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਅਤੇ ਆਵਾਜਾਈ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ-ਕੀ ਰਹੇਗਾ ਬੰਦ?
- ਸਕੂਲ ਅਤੇ ਕਾਲਜ
- ਬਾਜ਼ਾਰ ਅਤੇ ਦੁਕਾਨਾਂ
- ਵਪਾਰਕ ਅਦਾਰੇ
- ਆਮ ਸੜਕੀ ਆਵਾਜਾਈ
- ਹਾਈਵੇਅ ’ਤੇ ਆਵਾਜਾਈ
ਐਮਰਜੈਂਸੀ ਸੇਵਾਵਾਂ ਨੂੰ ਛੋਟ
ਕੌਮੀ ਇਨਸਾਫ਼ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ। ਐਂਬੂਲੈਂਸ, ਹਸਪਤਾਲ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।ਮੋਰਚੇ ਨੇ ਲੋਕਾਂ ਨੂੰ ਬੰਦ ਦੌਰਾਨ ਸ਼ਾਂਤਮਈ ਢੰਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਮੋਰਚੇ ਦੇ ਆਗੂਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ 83 ਸਾਲਾ ਮਾਤਾ ਦੀ ਸਿਹਤ ਦਾ ਮੁੱਦਾ ਵੀ ਚੁੱਕਿਆ ਹੈ। ਆਗੂਆਂ ਮੁਤਾਬਕ ਉਨ੍ਹਾਂ ਦੀ ਮਾਤਾ ਆਪਣੇ ਪੁੱਤਰ ਨੂੰ ਮਿਲਣ ਦੀ ਉਡੀਕ ਕਰ ਰਹੀ ਹੈ।ਮੋਰਚੇ ਨੇ ਇਸ ਮਾਮਲੇ ਨੂੰ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਜੋੜਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਰਵੱਈਏ ’ਤੇ ਸਵਾਲ ਚੁੱਕੇ ਹਨ।
SGPC ਸਮੇਤ ਕਈ ਜਥੇਬੰਦੀਆਂ ਵੱਲੋਂ ਸਮਰਥਨ
ਮੋਰਚੇ ਦੇ ਆਗੂਆਂ ਮੁਤਾਬਕ ਪੰਜਾਬ ਬੰਦ ਨੂੰ SGPC, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਵਾਰਿਸ ਪੰਜਾਬ ਦੇ), ਦਲ ਖ਼ਾਲਸਾ ਅਤੇ ਹਵਾਰਾ ਕਮੇਟੀ ਸਮੇਤ ਵੱਖ-ਵੱਖ ਪੰਥਕ, ਕਿਸਾਨ-ਮਜ਼ਦੂਰ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ।SGPC ਵੱਲੋਂ ਵੀ 21 ਅਗਸਤ ਨੂੰ ਆਪਣੇ ਵਿਦਿਅਕ ਅਦਾਰਿਆਂ ਅਤੇ ਦਫ਼ਤਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਮੋਹਾਲੀ ਦੇ ਕੁਝ ਨਿੱਜੀ ਸਕੂਲਾਂ ਵਿੱਚ ਵੀ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਲੋਕਾਂ ਨੂੰ ਸ਼ਾਂਤਮਈ ਸਹਿਯੋਗ ਦੀ ਅਪੀਲ
ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਦੇ ਵਪਾਰ ਮੰਡਲਾਂ, ਟਰਾਂਸਪੋਰਟ ਯੂਨੀਅਨਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।ਮੋਰਚੇ ਮੁਤਾਬਕ ਇਹ ਬੰਦ ਬੰਦੀ ਸਿੱਖਾਂ ਦੀ ਰਿਹਾਈ, ਪੈਰੋਲ ਦੇ ਅਧਿਕਾਰ ਅਤੇ 15 ਅਗਸਤ ਦੀ ਘਟਨਾ ਦੇ ਵਿਰੋਧ ਵਿੱਚ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਪੰਜਾਬ ਵਿੱਚ ਬੰਦ ਦਾ ਅਸਰ ਕਿੰਨਾ ਰਹਿੰਦਾ ਹੈ ਅਤੇ ਆਮ ਜਨਜੀਵਨ ਕਿੰਨਾ ਪ੍ਰਭਾਵਿਤ ਹੁੰਦਾ ਹੈ।
