ਜਲੰਧਰ: ਸੂਰਿਆ ਐਨਕਲੇਵ ਵਿੱਚ ਕਾਰੋਬਾਰੀ ਲਲਿਤ ਤੋਂ ਕਰੀਬ 72 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਜਲੰਧਰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਮਾਮਲੇ ਦਾ ਖੁਲਾਸਾ ਕੀਤਾ।
ਪੁਲਿਸ ਕਮਿਸ਼ਨਰ ਮੁਤਾਬਕ ਪੁਲਿਸ ਨੇ ਵਾਰਦਾਤ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਟ੍ਰੈਕ ਕਰ ਲਿਆ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਵਾਸੀ ਗੁਰੂ ਨਾਨਕ ਕਾਲੋਨੀ ਗੁਰਦਾਸਪੁਰ, ਹਰਦੀਪ ਉਰਫ਼ ਦੀਪੂ ਵਾਸੀ ਪਿੰਡ ਬਡਾਲਾ ਕਪੂਰਥਲਾ, ਸਾਹਿਲ ਵਾਸੀ ਬਟਾਲਾ ਗੁਰਦਾਸਪੁਰ, ਰਾਜਵੀਰ ਗਿੱਲ ਵਾਸੀ ਮਕਸੂਦਾਂ, ਰਣਜੀਤ ਸਿੰਘ ਵਾਸੀ ਬਟਾਲਾ ਅਤੇ ਸੰਨੀ ਖੋਸਲਾ ਵਾਸੀ ਅਮਰਦਾਸ ਨਗਰ ਵਜੋਂ ਹੋਈ ਹੈ।
72 ਲੱਖ ਰੁਪਏ, 2 ਕਾਰਾਂ ਤੇ 2 ਮੋਬਾਈਲ ਬਰਾਮਦ
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 72 ਲੱਖ ਰੁਪਏ ਦੀ ਪੂਰੀ ਨਕਦੀ, 2 ਕਾਰਾਂ ਅਤੇ 2 ਮੋਬਾਈਲ ਫੋਨ* ਬਰਾਮਦ ਕੀਤੇ ਹਨ। ਪੁਲਿਸ ਨੇ ਕਾਰੋਬਾਰੀ ਲਲਿਤ ਨੂੰ ਉਸ ਤੋਂ ਲੁੱਟੀ ਗਈ 72 ਲੱਖ ਰੁਪਏ ਦੀ ਰਕਮ ਵਾਪਸ ਵੀ ਕਰ ਦਿੱਤੀ ਹੈ।ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਕੁਝ ਮੁਲਜ਼ਮਾਂ ਦੀਆਂ ਲੱਤਾਂ ‘ਤੇ ਸੱਟਾਂ ਲੱਗੀਆਂ।
ਵਾਰਦਾਤ ਤੋਂ ਪਹਿਲਾਂ ਕੀਤੀ ਗਈ ਸੀ ਰੇਕੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁੱਟ ਦੀ ਵਾਰਦਾਤ ਨੂੰ ਅਚਾਨਕ ਅੰਜਾਮ ਨਹੀਂ ਦਿੱਤਾ ਗਿਆ, ਸਗੋਂ ਮੁਲਜ਼ਮ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਦੀ ਤਿਆਰੀ ਕਰ ਰਹੇ ਸਨ।ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਮੁਲਜ਼ਮ 13 ਤਾਰੀਖ ਨੂੰ ਘਟਨਾ ਸਥਾਨ ‘ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਸੁੰਨਸਾਨ ਜਗ੍ਹਾ ਦੀ ਰੇਕੀ ਕੀਤੀ ਸੀ। ਵਾਰਦਾਤ ਲਈ ਇੱਕ ਕਾਰ ਵੀ ਕਿਰਾਏ ‘ਤੇ ਲਈ ਗਈ ਸੀ।ਪੁਲਿਸ ਮੁਤਾਬਕ ਇਸ ਸਾਜ਼ਿਸ਼ ਦਾ ਮੁੱਖ ਮੁਲਜ਼ਮ ਸੰਨੀ ਖੋਸਲਾ ਅਤੇ ਉਸ ਦਾ ਰਿਸ਼ਤੇਦਾਰ ਹਰਦੀਪ ਸੀ। ਹਾਲਾਂਕਿ ਸੰਨੀ ਖੋਸਲਾ ਖੁਦ ਵਾਰਦਾਤ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ, ਪਰ ਪੁਲਿਸ ਮੁਤਾਬਕ ਉਹ ਪੂਰੀ ਵਾਰਦਾਤ ਦੀ ਦੇਖ-ਰੇਖ ਕਰ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਬਟਾਲਾ ਦੇ ਇੱਕ ਮੁਲਜ਼ਮ ਨੂੰ 3 ਲੱਖ ਰੁਪਏ ਦਿੱਤੇ ਗਏ ਸਨ।
ਲੁੱਟ ਤੋਂ ਬਾਅਦ ਪੈਸਿਆਂ ਦੀ ਵੰਡ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਚਾਰ ਮੁਲਜ਼ਮ ਵਿਧੀਪੁਰ ਫਾਟਕ ਨੇੜੇ ਇੱਕ ਘਰ ਵਿੱਚ ਰੁਕੇ ਸਨ। ਪੁਲਿਸ ਮੁਤਾਬਕ ਹਰਦੀਪ ਨੇ ਸਾਥੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਗ ਵਿੱਚੋਂ ਸਿਰਫ਼ 50 ਲੱਖ ਰੁਪਏ ਹੀ ਮਿਲੇ ਹਨ।ਇਸ ਤੋਂ ਬਾਅਦ ਮੁਲਜ਼ਮਾਂ ਨੇ ਆਪਸ ਵਿੱਚ ਪੈਸਿਆਂ ਦੀ ਵੰਡ ਕੀਤੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਬਾਅਦ ਕੁਝ ਮੁਲਜ਼ਮਾਂ ਨੇ ਲੁੱਟ ਦੀ ਰਕਮ ਵਿੱਚੋਂ ਕੱਪੜੇ ਵੀ ਖਰੀਦੇ।
₹72 Lakh Robbery Traced — 06 Accused Arrested 🚨
Police Commissionerate Jalandhar has successfully traced a ₹72 lakh robbery case and arrested 06 accused persons. The entire robbed amount of ₹72 lakh has been recovered.
Recovered:
💰 ₹72 lakh cash
🚗 02 unnumbered cars
📱 02… pic.twitter.com/mL6C2CU5SW— Commissionerate Police Jalandhar (@CPJalandhar) August 22, 2026
ਪਹਿਲਾਂ ਤੋਂ ਵੀ ਦਰਜ ਹਨ ਮਾਮਲੇ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਵਿਕਾਸ ਖ਼ਿਲਾਫ਼ ਪਹਿਲਾਂ ਹੀ 6 ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਹਰਦੀਪ, ਸਾਹਿਲ ਅਤੇ ਰਾਜਵੀਰ ਖ਼ਿਲਾਫ਼ ਵੀ ਪਹਿਲਾਂ ਤੋਂ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।ਫਿਲਹਾਲ ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

