Bathinda School Bus Fire: ਬਠਿੰਡਾ ਦੇ ਬੀਬੀ ਵਾਲਾ ਰੋਡ ‘ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਵੇਲੇ ਬੱਸ ਵਿੱਚ ਸਕੂਲ ਦੀ ਛੁੱਟੀ ਤੋਂ ਬਾਅਦ ਘਰਾਂ ਨੂੰ ਵਾਪਸ ਜਾ ਰਹੇ 43 ਬੱਚੇ ਸਵਾਰ ਸਨ।
ਜਾਣਕਾਰੀ ਮੁਤਾਬਕ ਬੱਸ ਜਦੋਂ ਬੀਬੀ ਵਾਲਾ ਰੋਡ ‘ਤੇ ਪਹੁੰਚੀ ਤਾਂ ਅਚਾਨਕ ਇਸ ਵਿੱਚ ਅੱਗ ਲੱਗ ਗਈ। ਅੱਗ ਲੱਗਦੇ ਹੀ ਬੱਸ ਵਿੱਚ ਸਵਾਰ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਹਾਲਾਤ ਨੂੰ ਦੇਖਦਿਆਂ ਡਰਾਈਵਰ ਨੇ ਤੁਰੰਤ ਬੱਸ ਰੋਕੀ ਅਤੇ ਰਾਹਗੀਰਾਂ ਦੀ ਮਦਦ ਲਈ। ਬੱਚਿਆਂ ਨੂੰ ਬਾਹਰ ਕੱਢਣ ਲਈ ਬੱਸ ਦੇ ਸ਼ੀਸ਼ੇ ਤੱਕ ਤੋੜੇ ਗਏ।ਡਰਾਈਵਰ ਦੀ ਸੂਝਬੂਝ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚ ਸਵਾਰ ਸਾਰੇ 43 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।* ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਬੱਚੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਬੱਸ ਡਰਾਈਵਰ ਨੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੱਸ ਦੀ ਤਕਨੀਕੀ ਹਾਲਤ ਅਤੇ ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
