ਸੁਖਬੀਰ ਬਾਦਲ ਦੇ ਘਰ ਜੁੜੇ ਅਕਾਲੀ-ਭਾਜਪਾ ਦੇ ਵੱਡੇ ਆਗੂ
ਜਾਣਕਾਰੀ ਅਨੁਸਾਰ, ਸੈਕਟਰ-9 ਚੰਡੀਗੜ੍ਹ ਸਥਿਤ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਹੋਈ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਦੋਵਾਂ ਪਾਰਟੀਆਂ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਏ।ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਵਿੱਚ ਬਲਵਿੰਦਰ ਸਿੰਘ ਭੂੰਦੜ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਸਿਕੰਦਰ ਸਿੰਘ ਮਲੂਕਾ, ਅਨਿਲ ਸਰੀਨ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਨਾਂ ਸ਼ਾਮਲ ਹਨ।ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਦਸੰਬਰ ਨੂੰ ਹੋਣ ਵਾਲੇ ਪੰਜਾਬ ਦੌਰੇ ਅਤੇ ਮੋਗਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ।
8 ਦਸੰਬਰ ਦੀ ਮੋਗਾ ਰੈਲੀ ਲਈ ਤਿਆਰ ਹੋਵੇਗੀ ਰਣਨੀਤੀ
ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਆਗੂਆਂ ਨੂੰ ਆਉਣ ਵਾਲੀ ਮੁਹਿੰਮ ਅਤੇ 8 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿੱਚ ਹੋਣ ਵਾਲੀ ਰੈਲੀ ਬਾਰੇ ਵਿਚਾਰ-ਚਰਚਾ ਕਰਨ ਲਈ ਸੱਦਾ ਦਿੱਤਾ ਸੀ।
ਉੱਥੇ ਹੀ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਗਠਜੋੜ ਦੌਰਾਨ ਪੰਜਾਬ ਦੀ ਖੁਸ਼ਹਾਲੀ ਅਤੇ ਸੂਬੇ ਦੇ ਭਵਿੱਖ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਵਸ ਮੌਕੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਹੋਈ।
‘ਟਿਕਟਾਂ ਦੀ ਵੰਡ ਬਾਰੇ ਅਜੇ ਕੋਈ ਚਰਚਾ ਨਹੀਂ’
ਇਸ ਮੀਟਿੰਗ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਇਹ ਸੀ ਕਿ ਕੀ ਦੋਵਾਂ ਪਾਰਟੀਆਂ ਵਿਚਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਫੈਸਲਾ ਹੋਇਆ ਹੈ?ਇਸ ਬਾਰੇ ਭਾਜਪਾ ਆਗੂ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਮੀਟਿੰਗ ਦਾ ਮੁੱਖ ਏਜੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਦਸੰਬਰ ਦੇ ਪੰਜਾਬ ਦੌਰੇ ਅਤੇ ਮੋਗਾ ਰੈਲੀ ਦੀਆਂ ਤਿਆਰੀਆਂ ਸੀ।ਉਨ੍ਹਾਂ ਕਿਹਾ ਕਿ ਸੀਟਾਂ ਅਤੇ ਟਿਕਟਾਂ ਦੀ ਵੰਡ ਬਾਰੇ ਚਰਚਾ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਨੂੰ ਦੇਖਦੇ ਹੋਏ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਫਾਰਮੂਲਾ ਕਾਫ਼ੀ ਅਹਿਮ ਰਹਿਣ ਵਾਲਾ ਹੈ।
It was a pleasure to welcome and host the senior leadership of the Bharatiya Janata Party — Punjab President S. @KewalDhillonPB, former President Shri @sunilkjakhar, former President Shri @AshwaniSBJP, and General Secretary Shri @anilsarinbjp — at lunch at my Chandigarh residence today.
I am grateful to all of them for accepting my invitation and gracing the occasion.
The Shiromani Akali Dal is committed to providing a pro-Punjabi government in the State in alliance with the BJP. We are already moving ahead in this regard and will soon come out with a joint action plan.
Today’s meeting also discussed preparations for the December 8 conference to be held in Moga on the birth anniversary of former Chief Minister Sardar Parkash Singh Ji Badal, which will be attended by Prime Minister Shri @narendramodi Ji and other senior leaders.— Sukhbir Singh Badal (@officeofssbadal) November 28, 2026
‘ਸੁਖਬੀਰ ਨੇ ਸੱਦਾ ਦਿੱਤਾ, PM ਮੋਦੀ ਨੇ ਸਵੀਕਾਰ ਕੀਤਾ’
ਭਾਜਪਾ ਆਗੂ ਸੁਨੀਲ ਜਾਖੜ ਨੇ ਗਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਨੂੰ ਗੱਲਬਾਤ ਦਾ ਅਹਿਮ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਐਨਡੀਏ ਦੇ ਸਾਰੇ ਮੈਂਬਰਾਂ ਦੇ ਮੁੜ ਇਕੱਠੇ ਹੋਣ ਨਾਲ ਗੱਲਬਾਤ ਦੇ ਨਵੇਂ ਰਾਹ ਖੁੱਲ੍ਹੇ ਹਨ ਅਤੇ ਦੋਵਾਂ ਪਾਰਟੀਆਂ ਵਿਚਾਲੇ ਕੋਈ ਰੁਕਾਵਟ ਨਹੀਂ ਹੈ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਬਾਰੇ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਇਸ ਤਹਿਤ ਪ੍ਰਧਾਨ ਮੰਤਰੀ 8 ਦਸੰਬਰ ਨੂੰ ਪੰਜਾਬ ਆਉਣਗੇ।
ਪੰਜਾਬ ਵਿੱਚ ਖ਼ੁਸ਼ਹਾਲੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਐਨਡੀਏ ਸਰਕਾਰ ਹੀ ਲਿਆ ਸਕਦੀ ਹੈ
@narendramodi @AmitShah @NitinNabin @DrSatishPoonia @BJP4India https://t.co/KBGiC7KdD3
— Kewal Singh Dhillon (@KewalDhillonPB) November 28, 2026
8 ਦਸੰਬਰ ਦੀ ਰੈਲੀ ਕਿਉਂ ਹੈ ਖ਼ਾਸ?
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੋਗਾ ਰੈਲੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ-ਭਾਜਪਾ ਦੀ ਸਾਂਝੀ ਚੋਣ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।ਇਹ ਰੈਲੀ ਇਤਿਹਾਸਕ ਪੱਖੋਂ ਵੀ ਅਹਿਮ ਹੈ ਕਿਉਂਕਿ ਸਾਲ 1996 ਵਿੱਚ ਮੋਗਾ ਦੀ ਧਰਤੀ ਤੋਂ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨਾਲ ਗਠਜੋੜ ਦਾ ਐਲਾਨ ਕੀਤਾ ਸੀ। ਹੁਣ ਮੁੜ ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ਤੋਂ ਬਾਅਦ ਇਸੇ ਸ਼ਹਿਰ ਵਿੱਚ ਵੱਡੀ ਸਾਂਝੀ ਰੈਲੀ ਹੋਣ ਜਾ ਰਹੀ ਹੈ।ਇਸ ਤੋਂ ਇਲਾਵਾ, 2027 ਦੀਆਂ ਚੋਣਾਂ ਲਈ ਸੀਟਾਂ ਦੀ ਵੰਡ, ਉਮੀਦਵਾਰਾਂ ਦੀ ਚੋਣ ਅਤੇ ਚੋਣ ਰਣਨੀਤੀ ਵੀ ਦੋਵਾਂ ਪਾਰਟੀਆਂ ਲਈ ਵੱਡੇ ਮੁੱਦੇ ਰਹਿਣਗੇ।
ਹੁਣ ਦੇਖਣਾ ਹੋਵੇਗਾ ਕਿ 8 ਦਸੰਬਰ ਦੀ ਮੋਗਾ ਰੈਲੀ ਵਿੱਚ ਦੋਵੇਂ ਪਾਰਟੀਆਂ ਕਿੰਨੀ ਤਾਕਤ ਦਿਖਾਉਂਦੀਆਂ ਹਨ ਅਤੇ ਅਕਾਲੀ-ਭਾਜਪਾ ਗਠਜੋੜ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਹੋ ਜਿਹਾ ਸਿਆਸੀ ਮੁਕਾਬਲਾ ਪੇਸ਼ ਕਰਦਾ ਹੈ।


