ਮੁੰਬਈ: ਬਾਲੀਵੁੱਡ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜੈ ਦੇਵਗਨ ਨੂੰ ਫ਼ਿਲਮ ਇੰਡਸਟਰੀ ’ਚ ਲਾਂਚ ਕਰਨ ਵਾਲੇ ਦਿੱਗਜ ਫ਼ਿਲਮਮੇਕਰ ਕੂਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਏ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਫ਼ਿਲਮਮੇਕਰ ਅਸ਼ੋਕ ਪੰਡਿਤ ਵੱਲੋਂ ਕੀਤੀ ਗਈ।
ਕੂਕੂ ਕੋਹਲੀ ਦਾ ਨਾਮ ਬਾਲੀਵੁੱਡ ਵਿੱਚ ਖਾਸ ਤੌਰ ’ਤੇ ਅਜੈ ਦੇਵਗਨ ਦੇ ਕਰੀਅਰ ਦੀ ਸ਼ੁਰੂਆਤ ਨਾਲ ਜੁੜਿਆ ਹੋਇਆ ਹੈ। 1991 ਵਿੱਚ ਉਨ੍ਹਾਂ ਨੇ ਫ਼ਿਲਮ ‘ਫੂਲ ਔਰ ਕਾਂਟੇ’ ਦਾ ਨਿਰਦੇਸ਼ਨ ਕੀਤਾ ਸੀ। ਇਹੀ ਫ਼ਿਲਮ ਅਜੈ ਦੇਵਗਨ ਦੀ ਬਤੌਰ ਲੀਡ ਐਕਟਰ ਪਹਿਲੀ ਫ਼ਿਲਮ ਸੀ ਅਤੇ ਇਸ ਨੇ ਬਾਕਸ ਆਫਿਸ ’ਤੇ ਵੱਡੀ ਸਫਲਤਾ ਹਾਸਲ ਕੀਤੀ।ਫ਼ਿਲਮ ਵਿੱਚ ਅਜੈ ਦੇਵਗਨ ਦੇ ਨਾਲ ਮਧੂ, ਅਮਰੀਸ਼ ਪੁਰੀ, ਅਰੁਣਾ ਈਰਾਨੀ ਅਤੇ ਜਗਦੀਪ ਵਰਗੇ ਕਲਾਕਾਰ ਵੀ ਨਜ਼ਰ ਆਏ ਸਨ।
ਰਾਜ ਕਪੂਰ ਨਾਲ ਸ਼ੁਰੂ ਕੀਤਾ ਸੀ ਫ਼ਿਲਮੀ ਸਫ਼ਰ
ਕੂਕੂ ਕੋਹਲੀ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਦਿੱਗਜ ਫ਼ਿਲਮਮੇਕਰ ਰਾਜ ਕਪੂਰ ਦੇ ਸਹਾਇਕ ਵਜੋਂ ਕੀਤੀ ਸੀ। ਉਨ੍ਹਾਂ ਨੇ ‘ਬੌਬੀ’, ‘ਪ੍ਰੇਮ ਰੋਗ’ ਅਤੇ ‘ਸਤਿਅਮ ਸ਼ਿਵਮ ਸੁੰਦਰਮ’ ਵਰਗੀਆਂ ਫ਼ਿਲਮਾਂ ਨਾਲ ਕੰਮ ਕਰਦਿਆਂ ਫ਼ਿਲਮ ਨਿਰਮਾਣ ਦੀਆਂ ਬਾਰੀਕੀਆਂ ਸਿੱਖੀਆਂ। ਬਾਅਦ ਵਿੱਚ ਉਹ ‘ਬੇਤਾਬ’ ਵਿੱਚ ਸੈਕੰਡ ਯੂਨਿਟ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਸਨ। ਇਸ ਤਜਰਬੇ ਤੋਂ ਬਾਅਦ ਉਨ੍ਹਾਂ ਨੇ 1991 ਵਿੱਚ ‘ਫੂਲ ਔਰ ਕਾਂਟੇ’ ਨਾਲ ਬਤੌਰ ਡਾਇਰੈਕਟਰ ਆਪਣੀ ਸ਼ੁਰੂਆਤ ਕੀਤੀ।
‘ਸੁਹਾਗ’ ’ਚ ਪਹਿਲੀ ਵਾਰ ਇਕੱਠੇ ਨਜ਼ਰ ਆਏ ਅਜੈ ਦੇਵਗਨ ਤੇ ਅਕਸ਼ੈ ਕੁਮਾਰ
‘ਫੂਲ ਔਰ ਕਾਂਟੇ’ ਦੀ ਸਫਲਤਾ ਤੋਂ ਬਾਅਦ ਕੂਕੂ ਕੋਹਲੀ ਨੇ ‘ਕੋਹਰਾਮ’ ਦਾ ਨਿਰਦੇਸ਼ਨ ਕੀਤਾ। ਇਸ ਤੋਂ ਬਾਅਦ 1994 ਵਿੱਚ ਆਈ ਫ਼ਿਲਮ ‘ਸੁਹਾਗ’ ਵਿੱਚ ਅਜੈ ਦੇਵਗਨ ਅਤੇ ਅਕਸ਼ੈ ਕੁਮਾਰ ਪਹਿਲੀ ਵਾਰ ਇਕੱਠੇ ਵੱਡੇ ਪਰਦੇ ’ਤੇ ਨਜ਼ਰ ਆਏ।ਇਸ ਫ਼ਿਲਮ ਵਿੱਚ ਕਰਿਸ਼ਮਾ ਕਪੂਰ ਅਤੇ ਨਗਮਾ ਵੀ ਅਹਿਮ ਭੂਮਿਕਾਵਾਂ ਵਿੱਚ ਸਨ। ‘ਸੁਹਾਗ’ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ।
‘ਹਕੀਕਤ’ ਸਮੇਤ ਕਈ ਯਾਦਗਾਰ ਫ਼ਿਲਮਾਂ ਬਣਾਈਆਂ
ਕੂਕੂ ਕੋਹਲੀ ਨੇ ਆਪਣੇ ਕਰੀਅਰ ਦੌਰਾਨ ਕਈ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇਨ੍ਹਾਂ ਵਿੱਚ ‘ਹਕੀਕਤ’ (1995), ‘ਜੁਲਮੀ’ (1999), ‘ਅਨਾਰੀ ਨੰਬਰ 1’ (1999), ‘ਯੇ ਦਿਲ ਆਸ਼ਿਕਾਨਾ’ (2002) ਅਤੇ ‘ਵੋ ਤੇਰਾ ਨਾਮ ਥਾ’ (2004) ਸ਼ਾਮਲ ਹਨ। ‘ਹਕੀਕਤ’ ਵਿੱਚ ਅਜੈ ਦੇਵਗਨ, ਤੱਬੂ ਅਤੇ ਅਮਰੀਸ਼ ਪੁਰੀ ਨੇ ਕੰਮ ਕੀਤਾ ਸੀ। ਫ਼ਿਲਮ ਨੂੰ ਫ਼ਿਲਮਫੇਅਰ ਐਵਾਰਡਜ਼ ਵਿੱਚ ਕਈ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਵੀ ਮਿਲੀ ਸੀ।
ਅਰੁਣਾ ਈਰਾਨੀ ਦੇ ਪਤੀ ਸਨ ਕੂਕੂ ਕੋਹਲੀ
ਕੂਕੂ ਕੋਹਲੀ ਦਾ ਵਿਆਹ ਦਿੱਗਜ ਅਦਾਕਾਰਾ ਅਰੁਣਾ ਈਰਾਨੀ ਨਾਲ ਹੋਇਆ ਸੀ। ਦੋਵਾਂ ਦਾ ਵਿਆਹ 1990 ਵਿੱਚ ਹੋਇਆ ਸੀ। ਕੂਕੂ ਕੋਹਲੀ ਦੀ ਪਹਿਲੀ ਪਤਨੀ ਰੀਟਾ ਕੋਹਲੀ ਤੋਂ ਉਨ੍ਹਾਂ ਦੀਆਂ ਦੋ ਧੀਆਂ ਸਨ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਕੂਕੂ ਕੋਹਲੀ ਨੇ 1990 ਦੇ ਦਹਾਕੇ ਦੀ ਕਮਰਸ਼ੀਅਲ ਹਿੰਦੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਖਾਸ ਤੌਰ ’ਤੇ ਅਜੈ ਦੇਵਗਨ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
