ਚੰਡੀਗੜ੍ਹ: ਪੰਜਾਬੀ ਇੰਫਲੂਐਂਸਰ ਮੰਜੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਕਤਲ ਅਤੇ ਅਗਵਾ ਨਾਲ ਸਬੰਧਤ ਧਾਰਾਵਾਂ ਤਹਿਤ ਜਾਂਚ ਸ਼ੁਰੂ ਕੀਤੀ ਹੈ।
ਮੰਜੀਤ ਕੌਰ ਨੂੰ ਅੱਗ ਲੱਗਣ ਤੋਂ ਬਾਅਦ ਗੰਭੀਰ ਹਾਲਤ ਵਿੱਚ PGI ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕੀਤੀ।
ਪਰਿਵਾਰ ਨੇ ਲਗਾਏ ਗੰਭੀਰ ਦੋਸ਼
ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਹਨ, ਕਿ ਮੰਜੀਤ ਕੌਰ ਨੂੰ ਸੈਕਟਰ-34 ਤੋਂ ਕੁਝ ਲੋਕ ਕਥਿਤ ਤੌਰ ’ਤੇ ਅਗਵਾ ਕਰਕੇ ਲੈ ਗਏ ਸਨ।ਸ਼ਿਕਾਇਤ ਅਨੁਸਾਰ, ਉਸ ਨੂੰ ਮੋਰਿੰਡਾ ਵੱਲ ਲਿਜਾਇਆ ਗਿਆ। ਉੱਥੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ ’ਤੇ ਅੱਗ ਲਗਾ ਦਿੱਤੀ ਗਈ। ਘਟਨਾ ਤੋਂ ਬਾਅਦ ਮੁਲਜ਼ਮਾਂ ਦੇ ਫਰਾਰ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਚੰਡੀਗੜ੍ਹ ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਚੰਡੀਗੜ੍ਹ ਪੁਲਿਸ ਦੀ ਡੀਐਸਪੀ ਗੁਰਜੀਤ ਕੌਰ ਮੁਤਾਬਕ, ਮੰਜੀਤ ਕੌਰ ਦੀ ਮਾਤਾ ਨੇ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ।ਪੁਲਿਸ ਵੱਲੋਂ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਬਿਆਨਾਂ ਅਤੇ ਉਪਲਬਧ ਸਬੂਤਾਂ ਦੀ ਵੀ ਪੜਤਾਲ ਕਰ ਰਹੇ ਹਨ।ਮਾਮਲੇ ਦੀਆਂ ਕੁਝ ਕੜੀਆਂ ਪੰਜਾਬ ਨਾਲ ਜੁੜੀਆਂ ਹੋਣ ਕਾਰਨ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨਾਲ ਵੀ ਤਾਲਮੇਲ ਕਰ ਰਹੀ ਹੈ।
3 ਜੁਲਾਈ ਦੀ ਘਟਨਾ ਬਣੀ ਜਾਂਚ ਦਾ ਕੇਂਦਰ
ਪੁਲਿਸ ਹੁਣ 3 ਜੁਲਾਈ ਨੂੰ ਵਾਪਰੀ ਘਟਨਾ ਦੀ ਕੜੀ ਜੋੜਨ ਵਿੱਚ ਲੱਗੀ ਹੋਈ ਹੈ। ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦਿਨ ਮੰਜੀਤ ਕੌਰ ਨਾਲ ਕੀ ਹੋਇਆ ਸੀ।ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਉਸ ਨੂੰ ਸੈਕਟਰ-34 ਤੋਂ ਕੌਣ ਲੈ ਕੇ ਗਿਆ। ਮੋਰਿੰਡਾ ਤੱਕ ਉਸ ਨੂੰ ਕਿਵੇਂ ਲਿਜਾਇਆ ਗਿਆ? ਇਸ ਘਟਨਾ ਵਿੱਚ ਕਿੰਨੇ ਲੋਕ ਸ਼ਾਮਲ ਸਨ?ਇਸ ਤੋਂ ਇਲਾਵਾ, ਅੱਗ ਲੱਗਣ ਦੀ ਘਟਨਾ ਕਿਵੇਂ ਵਾਪਰੀ? ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ
ਮੰਜੀਤ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਚਾਹੁੰਦਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਮਾਮਲੇ ਦੀ ਅਸਲ ਸੱਚਾਈ ਜਾਂਚ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਸਾਹਮਣੇ ਆਵੇਗੀ।
