ਦੁਬਈ: ਮਹਿਲਾ ਏਸ਼ੀਆ ਕੱਪ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਟੂਰਨਾਮੈਂਟ ਦਾ ਧਮਾਕੇਦਾਰ ਆਗਾਜ਼ ਕੀਤਾ ਹੈ। ਗਰੁੱਪ-ਏ ਦੇ ਮੁਕਾਬਲੇ ਵਿੱਚ ਭਾਰਤ ਨੇ ਥਾਈਲੈਂਡ ਨੂੰ ਇੱਕਤਰਫਾ ਅੰਦਾਜ਼ ਵਿੱਚ 94 ਦੌੜਾਂ ਨਾਲ ਹਰਾ ਦਿੱਤਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਸ਼ੇਫਾਲੀ ਵਰਮਾ ਦੀ ਤੂਫਾਨੀ ਬੱਲੇਬਾਜ਼ੀ ਅਤੇ ਭਾਰਤੀ ਗੇਂਦਬਾਜ਼ਾਂ ਦੇ ਘਾਤਕ ਪ੍ਰਦਰਸ਼ਨ ਨੇ ਟੀਮ ਇੰਡੀਆ ਨੂੰ ਵੱਡੀ ਜਿੱਤ ਦਿਵਾਈ।
ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਦੀ ਤੂਫਾਨੀ ਸ਼ੁਰੂਆਤ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਓਪਨਿੰਗ ਜੋੜੀ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਬੱਲੇਬਾਜ਼ਾਂ ਨੇ ਪਾਵਰਪਲੇ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 65 ਦੌੜਾਂ ਤੱਕ ਪਹੁੰਚਾ ਦਿੱਤਾ।ਸ਼ੇਫਾਲੀ ਵਰਮਾ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਥਾਈਲੈਂਡ ਦੇ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ। ਉਨ੍ਹਾਂ ਨੇ 8 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਭਾਰਤ ਦੀ ਸ਼ੁਰੂਆਤ ਕਾਫੀ ਮਜ਼ਬੂਤ ਰਹੀ, ਪਰ ਇਸ ਤੋਂ ਬਾਅਦ ਮਿਡਲ ਆਰਡਰ ਬੁਰੀ ਤਰ੍ਹਾਂ ਲੜਖੜਾ ਗਿਆ। 8.6 ਓਵਰਾਂ ਵਿੱਚ 91 ਦੌੜਾਂ ਦੇ ਸਕੋਰ ’ਤੇ ਪ੍ਰਤੀਕਾ ਰਾਵਲ ਦੇ ਆਊਟ ਹੋਣ ਤੋਂ ਬਾਅਦ ਵਿਕਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।ਕਪਤਾਨ ਹਰਮਨਪ੍ਰੀਤ ਕੌਰ 5 ਦੌੜਾਂ, ਰਿਚਾ ਘੋਸ਼ ਬਿਨਾਂ ਖਾਤਾ ਖੋਲ੍ਹੇ ਅਤੇ ਦੀਪਤੀ ਸ਼ਰਮਾ 5 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈਆਂ। ਥਾਈਲੈਂਡ ਵੱਲੋਂ ਸੁਲੀਪੌਰਨ ਲਾਓਮੀ ਨੇ 3 ਵਿਕਟਾਂ, ਜਦਕਿ ਸੁਨੀਦਾ ਚਤੁਰੋਂਗਰਾਟਨਾ ਨੇ 2 ਵਿਕਟਾਂ ਹਾਸਲ ਕੀਤੀਆਂ।ਹਾਲਾਂਕਿ ਅੰਤ ਵਿੱਚ ਕ੍ਰਾਂਤੀ ਗੌੜ ਨੇ ਸਿਰਫ਼ 8 ਗੇਂਦਾਂ ਵਿੱਚ ਨਾਬਾਦ 15 ਦੌੜਾਂ ਬਣਾਉਂਦਿਆਂ ਟੀਮ ਦੇ ਸਕੋਰ ਨੂੰ ਸੰਭਾਲਿਆ। ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ।
65 ਦੌੜਾਂ ’ਤੇ ਢੇਰ ਹੋਈ ਥਾਈਲੈਂਡ ਦੀ ਟੀਮ
160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਥਾਈਲੈਂਡ ਦੀ ਟੀਮ ਸ਼ੁਰੂ ਤੋਂ ਹੀ ਭਾਰਤੀ ਗੇਂਦਬਾਜ਼ਾਂ ਦੇ ਦਬਾਅ ਹੇਠ ਨਜ਼ਰ ਆਈ। ਭਾਰਤੀ ਬੌਲਰਾਂ ਨੇ ਸਟੀਕ ਅਤੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ ਥਾਈਲੈਂਡ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ।ਥਾਈਲੈਂਡ ਵੱਲੋਂ ਸਿਰਫ਼ ਨੰਨਾਪਤ ਕੋਂਚਾਰੋਐਨਕਾਈ ਨੇ 48 ਗੇਂਦਾਂ ਵਿੱਚ 41 ਦੌੜਾਂ ਬਣਾ ਕੇ ਕੁਝ ਸੰਘਰਸ਼ ਕੀਤਾ। ਉਨ੍ਹਾਂ ਤੋਂ ਇਲਾਵਾ ਟੀਮ ਦੀਆਂ 6 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੀਆਂ।ਪੂਰੀ ਥਾਈਲੈਂਡ ਟੀਮ 16.1 ਓਵਰਾਂ ਵਿੱਚ ਸਿਰਫ਼ 65 ਦੌੜਾਂ ’ਤੇ ਆਲ ਆਊਟ ਹੋ ਗਈ।
ਦੀਪਤੀ ਸ਼ਰਮਾ ਦੀ ਘਾਤਕ ਗੇਂਦਬਾਜ਼ੀ
ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਦੀਪਤੀ ਸ਼ਰਮਾ ਨੇ ਸਿਰਫ਼ 1.1 ਓਵਰ ਵਿੱਚ ਬਿਨਾਂ ਕੋਈ ਦੌੜ ਦਿੱਤੇ 3 ਵਿਕਟਾਂ ਹਾਸਲ ਕਰਕੇ ਥਾਈਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।ਉਨ੍ਹਾਂ ਤੋਂ ਇਲਾਵਾ ਨੰਦਨੀ ਸ਼ਰਮਾ ਨੇ 18 ਦੌੜਾਂ ਦੇ ਕੇ 3 ਵਿਕਟਾਂ, ਜਦਕਿ ਸ਼੍ਰੀ ਚਰਣੀ ਨੇ 10 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਕ੍ਰਾਂਤੀ ਗੌੜ ਨੂੰ ਵੀ ਇੱਕ ਵਿਕਟ ਮਿਲੀ।
ਭਾਰਤੀ ਟੀਮ ਨੇ ਇਸ ਸ਼ਾਨਦਾਰ ਜਿੱਤ ਨਾਲ ਮਹਿਲਾ ਏਸ਼ੀਆ ਕੱਪ 2026 ਵਿੱਚ 2 ਅਹਿਮ ਅੰਕ ਆਪਣੇ ਨਾਮ ਕਰ ਲਏ ਹਨ। ਟੀਮ ਇੰਡੀਆ ਦੀ ਇਸ ਇੱਕਤਰਫਾ ਜਿੱਤ ਨੇ ਟੂਰਨਾਮੈਂਟ ਵਿੱਚ ਉਸ ਦੀਆਂ ਦਾਅਵੇਦਾਰੀਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।
