Raghav Chadha Voter List: ਪੰਜਾਬ ਦੀ ਡਰਾਫਟ ਵੋਟਰ ਸੂਚੀ ਨੂੰ ਲੈ ਕੇ ਇੱਕ ਵੱਡਾ ਸਿਆਸੀ ਵਿਵਾਦ ਸਾਹਮਣੇ ਆਇਆ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਨਾਮ ਡਰਾਫਟ ਵੋਟਰ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਰਾਘਵ ਚੱਢਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੋਂ ਮੌਜੂਦਾ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦੀ ਵੋਟਰ ਆਈਡੀ ਮੋਹਾਲੀ, ਪੰਜਾਬ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਸ਼ਿਫਟ ਜਾਂ ਗਾਇਬ ਦਿਖਾਈ ਦੇ ਰਿਹਾ ਹੈ।
ਰਾਘਵ ਚੱਢਾ ਨੇ ਦੱਸਿਆ ਡਰਾਫਟ ਲਿਸਟ ਦਾ ਮਾਮਲਾ
ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਫਿਲਹਾਲ ਡਰਾਫਟ ਵੋਟਰ ਸੂਚੀ ਹੈ ਅਤੇ ਅੰਤਿਮ ਵੋਟਰ ਲਿਸਟ ਨਹੀਂ ਹੈ। ਇਸ ਲਈ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਦੌਰਾਨ ਇਸ ਗਲਤੀ ਨੂੰ ਠੀਕ ਕਰਵਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਜਾਰੀ ਹੈ, ਜਿਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਰਾਘਵ ਚੱਢਾ ਨੇ ਕਿਹਾ ਕਿ ਉਹ SIR ਦਿਸ਼ਾ-ਨਿਰਦੇਸ਼ਾਂ ਤਹਿਤ ਉਪਲਬਧ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈ ਰਹੇ ਹਨ।
‘ਸਿਰਫ਼ ਕਲਰਕ ਦੀ ਗਲਤੀ ਨਹੀਂ ਹੋ ਸਕਦੀ’
ਰਾਘਵ ਚੱਢਾ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਉਠਾਇਆ ਕਿ ਵੋਟਰ ਸੂਚੀ ਤਿਆਰ ਕਰਨ ਅਤੇ ਉਸ ਦੀ ਜਾਂਚ ਦੀ ਪ੍ਰਕਿਰਿਆ ਵਿੱਚ ਕਈ ਪੱਧਰਾਂ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਨੂੰ ਸਿਰਫ਼ ਕਿਸੇ ਇੱਕ ਕਲਰਕ ਦੀ ਗਲਤੀ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਮੁਤਾਬਕ, ਵੋਟਰ ਸੂਚੀ ਨਾਲ ਜੁੜੀ ਪ੍ਰਕਿਰਿਆ ਵਿੱਚ ਬੂਥ ਲੈਵਲ ਅਫਸਰ (BLO) ਤੋਂ ਇਲਾਵਾ AERO, ERO ਅਤੇ DEO ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ। ਇਸ ਤੋਂ ਬਾਅਦ ਮਾਮਲਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਪੱਧਰ ਤੱਕ ਪਹੁੰਚਦਾ ਹੈ।
ਇਹ ਵੀ ਪੜ੍ਹੋ :ਪੰਜਾਬੀ ਸਿੰਗਰ ਦੀ ਘਰ ’ਚੋਂ ਮਿਲੀ ਲਾਸ਼, ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਸਿਆਸੀ ਬਦਲਾਖੋਰੀ ਦੇ ਲਗਾਏ ਦੋਸ਼
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਪ੍ਰਤੀ ਸਿਆਸੀ ਰੰਜਿਸ਼ ਕਾਰਨ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਜਾਂ ਸਿਆਸੀ ਤੌਰ ‘ਤੇ ਵੱਖਰਾ ਰੁਖ ਅਪਣਾਉਂਦੇ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਦੀ ਸਿਆਸਤ ਵਿੱਚ ਵਿਰੋਧੀ ਧਿਰ ਨਾਲ ਜੁੜੇ ਕੁਝ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੂੰ ਵੀ ਪ੍ਰਸ਼ਾਸਨਿਕ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਇਹ ਮਾਮਲਾ ਡਰਾਫਟ ਵੋਟਰ ਸੂਚੀ ਨਾਲ ਸਬੰਧਤ ਹੈ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਅਜੇ ਜਾਰੀ ਹੈ। ਅਜਿਹੇ ਵਿੱਚ ਰਾਘਵ ਚੱਢਾ ਵੱਲੋਂ ਕਾਨੂੰਨੀ ਅਤੇ ਚੋਣ ਪ੍ਰਕਿਰਿਆ ਤਹਿਤ ਆਪਣਾ ਨਾਮ ਸੂਚੀ ਵਿੱਚ ਦਰੁਸਤ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ।ਹੁਣ ਇਸ ਮਾਮਲੇ ‘ਤੇ ਚੋਣ ਅਧਿਕਾਰੀਆਂ ਵੱਲੋਂ ਕੀ ਸਪੱਸ਼ਟੀਕਰਨ ਦਿੱਤਾ ਜਾਂਦਾ ਹੈ ਅਤੇ ਡਰਾਫਟ ਵੋਟਰ ਸੂਚੀ ਵਿੱਚ ਰਾਘਵ ਚੱਢਾ ਦੇ ਨਾਮ ਨੂੰ ਲੈ ਕੇ ਕੀ ਕਾਰਵਾਈ ਹੁੰਦੀ ਹੈ, ਇਸ ‘ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ।
