Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਨਵੇਂ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ।
ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਪਾਬੰਦੀ ਹੁਕਮ 7 ਨਵੰਬਰ 2026 ਤੱਕ ਲਾਗੂ ਰਹਿਣਗੇ। ਇਨ੍ਹਾਂ ਹੁਕਮਾਂ ਵਿੱਚ ਪ੍ਰੈਗਾਬਲਿਨ ਦਵਾਈ ਦੀ ਵਿਕਰੀ ਅਤੇ ਸਟਾਕ, ਗਊ ਵੰਸ਼ ਦੀ ਢੋਆ-ਢੁਆਈ, ਨਫ਼ਰਤੀ ਭਾਸ਼ਣ, ਛੱਪੜ ਪੂਰਨ ਅਤੇ ਪਿੰਡਾਂ ਦੀਆਂ ਗਲੀਆਂ-ਰਸਤਿਆਂ ਵਿੱਚ ਨਾਜਾਇਜ਼ ਬੋਰ ਕਰਨ ਵਰਗੇ ਮਾਮਲੇ ਸ਼ਾਮਲ ਹਨ।
ਪ੍ਰੈਗਾਬਲਿਨ ਦੀ ਵਿਕਰੀ ਤੇ ਰੱਖਣ ’ਤੇ ਸਖ਼ਤੀ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰੈਗਾਬਲਿਨ ਕੈਪਸੂਲਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ।ਹੁਕਮਾਂ ਮੁਤਾਬਕ ਬਿਨ੍ਹਾਂ ਲਾਇਸੈਂਸ ਪ੍ਰੈਗਾਬਲਿਨ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਸਟਾਕ ਰੱਖਣ ਜਾਂ ਇਸ ਨੂੰ ਵੇਚਣ ’ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਪ੍ਰੈਗਾਬਲਿਨ ਦਵਾਈ ਵੇਚਣ ਦੀ ਵੀ ਮਨਾਹੀ ਕੀਤੀ ਗਈ ਹੈ।ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਗਊ ਵੰਸ਼ ਦੀ ਢੋਆ-ਢੁਆਈ ਲਈ ਨਵੇਂ ਨਿਯਮ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਊ ਵੰਸ਼ ਦੀ ਢੋਆ-ਢੁਆਈ ਨੂੰ ਲੈ ਕੇ ਵੀ ਸਮੇਂ ਸਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ।
🔹 ਗਰਮੀਆਂ ਦੌਰਾਨ: ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ’ਤੇ ਪੂਰਨ ਪਾਬੰਦੀ ਰਹੇਗੀ।
🔹 ਸਰਦੀਆਂ ਦੌਰਾਨ: ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕੇਗੀ।
ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਵੱਲੋਂ ਗਊ ਵੰਸ਼ ਰੱਖਿਆ ਗਿਆ ਹੈ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰਡ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਨਤਕ ਥਾਵਾਂ ’ਤੇ ਨਫ਼ਰਤੀ ਭਾਸ਼ਣ ’ਤੇ ਰੋਕ
ਪ੍ਰਸ਼ਾਸਨ ਨੇ ਜਨਤਕ ਇਕੱਠਾਂ ਅਤੇ ਸਮਾਗਮਾਂ ਦੌਰਾਨ ਨਫ਼ਰਤੀ ਭਾਸ਼ਣਾਂ ਨੂੰ ਲੈ ਕੇ ਵੀ ਪਾਬੰਦੀ ਲਗਾਈ ਹੈ।ਇਹ ਹੁਕਮ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ, ਪਾਰਟੀਆਂ ਅਤੇ ਹੋਰ ਜਨਤਕ ਸਮਾਗਮਾਂ ’ਤੇ ਲਾਗੂ ਰਹੇਗਾ।ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ’ਤੇ ਪਾਬੰਦੀ ਹੈ। ਇਹ ਨਿਯਮ ਸਿਰਫ਼ ਵਿਅਕਤੀਆਂ ’ਤੇ ਹੀ ਨਹੀਂ, ਸਗੋਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ’ਤੇ ਵੀ ਲਾਗੂ ਹੋਵੇਗਾ।
ਬਿਨ੍ਹਾਂ ਮਨਜ਼ੂਰੀ ਛੱਪੜ ਪੂਰਨ ’ਤੇ ਵੀ ਰੋਕ
ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਨ੍ਹਾਂ ਮਨਜ਼ੂਰੀ ਛੱਪੜ ਪੂਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ।ਹੁਕਮਾਂ ਅਨੁਸਾਰ ਕੋਈ ਵਿਅਕਤੀ, ਪੰਚਾਇਤ, ਨਗਰ ਕੌਂਸਲ ਜਾਂ ਨਗਰ ਪੰਚਾਇਤ ਸਬੰਧਤ ਉਪ-ਮੰਡਲ ਮੈਜਿਸਟਰੇਟ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਛੱਪੜ ਨਹੀਂ ਪੂਰ ਸਕੇਗੀ।ਇਸ ਕਦਮ ਦਾ ਮਕਸਦ ਜਲ ਨਿਕਾਸੀ ਅਤੇ ਜਨਤਕ ਥਾਵਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਿਯਮਤ ਕਰਨਾ ਹੈ।
ਗਲੀਆਂ ਅਤੇ ਰਸਤਿਆਂ ਵਿੱਚ ਨਾਜਾਇਜ਼ ਬੋਰ ਕਰਨ ’ਤੇ ਪਾਬੰਦੀ
ਪਿੰਡਾਂ ਦੀਆਂ ਗਲੀਆਂ ਅਤੇ ਰਸਤਿਆਂ ਵਿੱਚ ਕੀਤੇ ਜਾਣ ਵਾਲੇ ਨਾਜਾਇਜ਼ ਬੋਰਾਂ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ।ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਗਲੀਆਂ ਅਤੇ ਰਸਤਿਆਂ ’ਚ ਨਾਜਾਇਜ਼ ਬੋਰ ਕਰਨ ’ਤੇ ਰੋਕ ਰਹੇਗੀ। ਪ੍ਰਸ਼ਾਸਨ ਨੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
7 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਇਹ ਸਾਰੇ ਪਾਬੰਦੀ ਹੁਕਮ 7 ਨਵੰਬਰ 2026 ਤੱਕ ਪ੍ਰਭਾਵੀ ਰਹਿਣਗੇ।ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹੁਣ ਹੁਸ਼ਿਆਰਪੁਰ ਵਿੱਚ ਦਵਾਈਆਂ ਦੀ ਵਿਕਰੀ ਤੋਂ ਲੈ ਕੇ ਜਨਤਕ ਸਮਾਗਮਾਂ ਅਤੇ ਗਊ ਵੰਸ਼ ਦੀ ਢੋਆ-ਢੁਆਈ ਤੱਕ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
