ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 20 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਥਿਤ ਸਰਹੱਦ ਪਾਰ ਨਸ਼ਾ ਤਸਕਰੀ ਨਾਲ ਜੁੜੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਸਤੰਬਰ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਚਾਰ ਵਿਅਕਤੀ ਗ੍ਰਿਫਤਾਰ
ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ, ਦੀਪਕ ਬਖਸ਼ੀ ਵਾਸੀ ਪ੍ਰਤਾਪ ਬਾਜ਼ਾਰ, ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ ਅਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ।ਕਾਰਵਾਈ ਦੌਰਾਨ ਪੁਲਿਸ ਨੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਵਰਤੋਂ ਨਸ਼ੇ ਦੀ ਖੇਪ ਨੂੰ ਅੱਗੇ ਪਹੁੰਚਾਉਣ ਲਈ ਕੀਤੀ ਜਾ ਰਹੀ ਸੀ।
ਰਾਜਾਤਾਲ ਤੋਂ ਅੰਮ੍ਰਿਤਸਰ ਤੱਕ ਖੇਪ ਪਹੁੰਚਾਉਣ ਦਾ ਦਾਅਵਾ
ਡੀਜੀਪੀ ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਕਥਿਤ ਤੌਰ ’ਤੇ ਦੁਬਈ-ਅਧਾਰਤ ਇੱਕ ਨਸ਼ਾ ਤਸਕਰ ਨਾਲ ਜੁੜਿਆ ਹੋਇਆ ਸੀ। ਪੁਲਿਸ ਦੇ ਅਨੁਸਾਰ, ਪੰਜਾਬ ਵਿੱਚ ਮੌਜੂਦ ਸਾਥੀਆਂ ਅਤੇ ਵਿਦੇਸ਼ਾਂ ਵਿੱਚ ਸਰਗਰਮ ਤਸਕਰਾਂ ਨਾਲ ਤਾਲਮੇਲ ਰਾਹੀਂ ਨੈੱਟਵਰਕ ਚਲਾਇਆ ਜਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦੇ ਸਰਹੱਦੀ ਇਲਾਕੇ ਤੋਂ ਡਰੋਨ ਰਾਹੀਂ ਕਥਿਤ ਤੌਰ ’ਤੇ ਭੇਜੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਖੇਪ ਅੰਮ੍ਰਿਤਸਰ ਦੇ ਦਾਣਾ ਮੰਡੀ, ਸਤਲਾਣੀ ਸਾਹਿਬ ਗੁਰਦੁਆਰੇ ਨੇੜੇ ਕਿਸੇ ਹੋਰ ਵਿਅਕਤੀ ਨੂੰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਚਾਰਾਂ ਨੂੰ ਕਾਬੂ ਕਰ ਲਿਆ।
ਇੱਕ ਹਫ਼ਤੇ ‘ਚ 74 ਕਿਲੋ ਹੈਰੋਇਨ ਬਰਾਮਦ
CI ਅੰਮ੍ਰਿਤਸਰ ਵੱਲੋਂ ਇੱਕ ਹਫ਼ਤੇ ਦੌਰਾਨ ਹੈਰੋਇਨ ਦੀ ਇਹ ਚੌਥੀ ਵੱਡੀ ਬਰਾਮਦਗੀ ਦੱਸੀ ਗਈ ਹੈ।
- 16 ਸਤੰਬਰ: 27 ਕਿਲੋ ਹੈਰੋਇਨ
- 18 ਸਤੰਬਰ: 10 ਕਿਲੋ ਹੈਰੋਇਨ
- 19 ਸਤੰਬਰ: 17 ਕਿਲੋ ਹੈਰੋਇਨ
- 23 ਸਤੰਬਰ: 20 ਕਿਲੋ ਹੈਰੋਇਨ
ਇਨ੍ਹਾਂ ਚਾਰ ਕਾਰਵਾਈਆਂ ਵਿੱਚ ਕੁੱਲ 74 ਕਿਲੋ ਹੈਰੋਇਨ ਬਰਾਮਦ ਹੋਣ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ।
NDPS ਐਕਟ ਤਹਿਤ ਕੇਸ ਦਰਜ
ਇਸ ਮਾਮਲੇ ਵਿੱਚ FIR ਨੰਬਰ 61, ਮਿਤੀ 23 ਸਤੰਬਰ 2026 ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਕੇਸ NDPS ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ।ਡੀਜੀਪੀ ਮੁਤਾਬਕ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਨੈੱਟਵਰਕ ਦੇ ਹੋਰ ਮੈਂਬਰਾਂ ਅਤੇ ਇਸ ਦੇ ਅੱਗੇ-ਪਿੱਛੇ ਦੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
