ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਬਦਲਾਅ ਦੀਆਂ ਚਰਚਾਵਾਂ ਵਿਚਕਾਰ ਵੱਡੀ ਸਿਆਸੀ ਹਲਚਲ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਘਟਨਾਕ੍ਰਮ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਹੈ।
ਰਿਪੋਰਟਾਂ ਮੁਤਾਬਕ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਅਗਵਾਈ ਵਿੱਚ ਬਦਲਾਅ ਦਾ ਫੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਅਸਤੀਫ਼ਾ ਪੇਸ਼ ਕੀਤਾ। ਪਾਰਟੀ ਵੱਲੋਂ ਹੁਣ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਣੀ ਹੈ।
ਰਾਜਾ ਵੜਿੰਗ ਨੇ ਕੀ ਕਿਹਾ?
ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਆਪਣੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਸ਼ਕਲ ਦੌਰ ਵਿੱਚ ਵੀ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਵੜਿੰਗ ਨੇ ਇਹ ਵੀ ਕਿਹਾ ਕਿ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਭਵਿੱਖ ਵਿੱਚ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸਨੂੰ ਨਿਭਾਉਣ ਲਈ ਤਿਆਰ ਰਹਿਣਗੇ।
ਪੰਜਾਬ ਕਾਂਗਰਸ ’ਚ ਲੰਬੇ ਸਮੇਂ ਤੋਂ ਚੱਲ ਰਹੀ ਸੀ ਖਿੱਚੋਤਾਣ
ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ। ਰਾਜਾ ਵੜਿੰਗ ਅਤੇ ਪਾਰਟੀ ਦੇ ਕੁਝ ਹੋਰ ਸੀਨੀਅਰ ਆਗੂਆਂ ਵਿਚਕਾਰ ਸਿਆਸੀ ਮਤਭੇਦਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।ਸਤੰਬਰ ਵਿੱਚ ਕਾਂਗਰਸ ਨੇ ਸਚਿਨ ਪਾਇਲਟ ਨੂੰ ਪੰਜਾਬ ਦਾ AICC ਇੰਚਾਰਜ ਨਿਯੁਕਤ ਕੀਤਾ ਸੀ। ਉਨ੍ਹਾਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਭੂਪੇਸ਼ ਬਘੇਲ ਕੋਲ ਸੀ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਸੰਭਾਵਿਤ ਬਦਲਾਅ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਸੀ।
ਨਵੇਂ ਪ੍ਰਧਾਨ ਦੀ ਦੌੜ ਵਿੱਚ ਕਈ ਨਾਂ
ਰਾਜਾ ਵੜਿੰਗ ਦੀ ਥਾਂ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਕਈ ਨਾਂ ਚਰਚਾ ਵਿੱਚ ਹਨ। ਰਿਪੋਰਟਾਂ ਵਿੱਚ ਵਿਜੇ ਇੰਦਰ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਦੇ ਨਾਂ ਸਾਹਮਣੇ ਆਏ ਹਨ।ਹਾਲਾਂਕਿ, ਇਨ੍ਹਾਂ ਵਿੱਚੋਂ ਕਿਸੇ ਇੱਕ ਨਾਮ ਨੂੰ ਅਧਿਕਾਰਤ ਤੌਰ ’ਤੇ ਨਵਾਂ PCC ਪ੍ਰਧਾਨ ਐਲਾਨਿਆ ਨਹੀਂ ਗਿਆ ਹੈ।
ਇਹ ਬਦਲਾਅ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਹੈ। ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਇਕਾਈ ਦੀ ਅਗਵਾਈ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਸੀ।ਜੁਲਾਈ ਵਿੱਚ ਕਾਂਗਰਸ ਨੇ ਰਾਜਾ ਵੜਿੰਗ ਨੂੰ PCC ਪ੍ਰਧਾਨ ਦੇ ਅਹੁਦੇ ’ਤੇ ਕਾਇਮ ਰੱਖਦਿਆਂ ਚਰਨਜੀਤ ਸਿੰਘ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਅਤੇ ਵੱਖ-ਵੱਖ ਆਗੂਆਂ ਨੂੰ ਸੰਗਠਨ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਚਰਚਾ ਜਾਰੀ ਰਹੀ।
ਹੁਣ ਕਿਸ ਨੂੰ ਮਿਲੇਗੀ ਪੰਜਾਬ ਕਾਂਗਰਸ ਦੀ ਕਮਾਨ?
ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਸਭ ਦੀ ਨਜ਼ਰ ਹੁਣ ਕਾਂਗਰਸ ਹਾਈਕਮਾਂਡ ਦੇ ਅਗਲੇ ਫੈਸਲੇ ’ਤੇ ਹੈ। ਨਵੇਂ PCC ਪ੍ਰਧਾਨ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਹੋਰ ਬਦਲਾਅ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਕਾਂਗਰਸ ਦੀ ਕਮਾਨ ਹੁਣ ਕਿਸ ਆਗੂ ਦੇ ਹੱਥ ਆਉਂਦੀ ਹੈ।
