Asian Games 2026: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਗੇਮਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਲਾਸ ਏਂਜਲਸ ਓਲੰਪਿਕ 2028 ਲਈ ਵੀ ਆਪਣੀ ਟਿਕਟ ਪੱਕੀ ਕਰ ਲਈ ਹੈ।ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਅਤੇ ਫਾਈਨਲ ਵਿੱਚ ਵੀ ਖਿਡਾਰੀਆਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸੀਟੀ ਤੱਕ ਸ਼ਾਨਦਾਰ ਹਾਕੀ ਖੇਡੀ।
ਪਹਿਲੇ ਕੁਆਰਟਰ ’ਚ 1-1 ਦੀ ਬਰਾਬਰੀ
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਹਮਲਾਵਰ ਖੇਡ ਦਿਖਾਈ। 11ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਪਹਿਲੀ ਕੋਸ਼ਿਸ਼ ਸਫਲ ਨਾ ਰਹੀ, ਪਰ ਭਾਰਤ ਨੇ ਤੁਰੰਤ ਦੂਜਾ ਮੌਕਾ ਬਣਾਇਆ।ਇਸ ਵਾਰ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ-ਫਲਿੱਕ ਰਾਹੀਂ ਗੇਂਦ ਨੂੰ ਗੋਲ ਵਿੱਚ ਪਹੁੰਚਾ ਦਿੱਤਾ ਅਤੇ ਭਾਰਤ ਨੂੰ 1-0 ਦੀ ਬੜ੍ਹਤ ਮਿਲ ਗਈ।ਹਾਲਾਂਕਿ ਮਲੇਸ਼ੀਆ ਨੇ ਤੁਰੰਤ ਵਾਪਸੀ ਕੀਤੀ। 14ਵੇਂ ਮਿੰਟ ਵਿੱਚ ਸ਼ੈਲੋ ਸਿਲਵੇਰੀਅਸ ਨੇ ਸ਼ਾਨਦਾਰ ਹਾਫ-ਵਾਲੀ ਰਾਹੀਂ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਦੂਜੇ ਕੁਆਰਟਰ ’ਚ ਜੁਗਰਾਜ ਦਾ ਕਮਾਲ
ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। 23ਵੇਂ ਮਿੰਟ ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ।ਸ਼ਿਲਾਨੰਦ ਲਾਕੜਾ ਦੀ ਤੇਜ਼ੀ ਨਾਲ ਬਣੇ ਇਸ ਮੌਕੇ ਨੂੰ ਜੁਗਰਾਜ ਸਿੰਘ ਨੇ ਗੋਲ ਵਿੱਚ ਬਦਲ ਦਿੱਤਾ। ਇਸ ਗੋਲ ਨਾਲ ਭਾਰਤ ਨੇ 2-1 ਦੀ ਬੜ੍ਹਤ ਹਾਸਲ ਕਰ ਲਈ।ਜੁਗਰਾਜ ਦਾ ਇਹ ਟੂਰਨਾਮੈਂਟ ਵਿੱਚ 7ਵਾਂ ਗੋਲ ਰਿਹਾ।
ਤੀਜੇ ਕੁਆਰਟਰ ’ਚ ਭਾਰਤ ਹੋਇਆ ਹੋਰ ਮਜ਼ਬੂਤ
ਤੀਜੇ ਕੁਆਰਟਰ ਵਿੱਚ ਭਾਰਤ ਨੇ ਲਗਾਤਾਰ ਹਮਲੇ ਕੀਤੇ। ਟੀਮ ਨੂੰ ਕਈ ਪੈਨਲਟੀ ਕਾਰਨਰ ਮਿਲੇ, ਪਰ ਮਲੇਸ਼ੀਆ ਦੇ ਡਿਫੈਂਸ ਨੇ ਕੁਝ ਮੌਕਿਆਂ ’ਤੇ ਗੋਲ ਰੋਕ ਲਏ।ਇਸ ਤੋਂ ਬਾਅਦ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ। ਹਾਰਦਿਕ ਸਿੰਘ ਨੇ ਬਿਨਾਂ ਕੋਈ ਗਲਤੀ ਕੀਤੇ ਗੇਂਦ ਨੂੰ ਗੋਲ ਦੇ ਹੇਠਲੇ ਸੱਜੇ ਕੋਨੇ ਵਿੱਚ ਪਹੁੰਚਾ ਦਿੱਤਾ।ਇਸ ਗੋਲ ਨਾਲ ਭਾਰਤ ਦੀ ਬੜ੍ਹਤ 3-1 ਹੋ ਗਈ।
ਚੌਥੇ ਕੁਆਰਟਰ ’ਚ ਗੋਲਾਂ ਦੀ ਬਰਸਾਤ
ਆਖਰੀ ਕੁਆਰਟਰ ਵਿੱਚ ਭਾਰਤ ਨੇ ਮਲੇਸ਼ੀਆ ’ਤੇ ਪੂਰੀ ਤਰ੍ਹਾਂ ਦਬਾਅ ਬਣਾਈ ਰੱਖਿਆ। ਭਾਰਤ ਨੂੰ ਲਗਾਤਾਰ ਪੈਨਲਟੀ ਕਾਰਨਰ ਮਿਲੇ।ਕਈ ਕੋਸ਼ਿਸ਼ਾਂ ਤੋਂ ਬਾਅਦ ਸ਼ਿਲਾਨੰਦ ਲਾਕੜਾ ਨੇ ਨੇੜਿਓਂ ਗੋਲ ਕਰਕੇ ਭਾਰਤ ਦੀ ਬੜ੍ਹਤ 4-1 ਕਰ ਦਿੱਤੀ।ਹੁਣ ਮਲੇਸ਼ੀਆ ਲਈ ਮੈਚ ਵਿੱਚ ਵਾਪਸੀ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ।
ਹਰਮਨਪ੍ਰੀਤ ਨੇ ਕੀਤਾ 5ਵਾਂ ਗੋਲ
ਮੈਚ ਖਤਮ ਹੋਣ ਤੋਂ ਕਰੀਬ ਸਾਢੇ ਤਿੰਨ ਮਿੰਟ ਪਹਿਲਾਂ ਦਿਲਪ੍ਰੀਤ ਸਿੰਘ ਦੇ ਯਤਨ ’ਤੇ ਭਾਰਤ ਨੇ ਰਿਵਿਊ ਲਿਆ। ਰਿਵਿਊ ਤੋਂ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ।ਇਸ ਮੌਕੇ ’ਤੇ ਇੱਕ ਵਾਰ ਫਿਰ ਹਰਮਨਪ੍ਰੀਤ ਸਿੰਘ ਨੇ ਆਪਣੀ ਸ਼ਾਨਦਾਰ ਡਰੈਗ-ਫਲਿੱਕ ਦਾ ਕਮਾਲ ਦਿਖਾਇਆ ਅਤੇ ਗੇਂਦ ਨੂੰ ਗੋਲ ਵਿੱਚ ਪਹੁੰਚਾ ਦਿੱਤਾ।ਇਸ ਨਾਲ ਭਾਰਤ ਨੇ 5-1 ਦੀ ਵੱਡੀ ਬੜ੍ਹਤ ਹਾਸਲ ਕਰ ਲਈ ਅਤੇ ਆਖਰਕਾਰ ਇਸੇ ਸਕੋਰ ਨਾਲ ਮੈਚ ਆਪਣੇ ਨਾਮ ਕਰ ਲਿਆ।
ਪਾਕਿਸਤਾਨ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਸੀ ਭਾਰਤ
ਫਾਈਨਲ ਤੋਂ ਪਹਿਲਾਂ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-3 ਨਾਲ ਹਰਾਇਆ ਸੀ। ਇਸ ਰੋਮਾਂਚਕ ਜਿੱਤ ਤੋਂ ਬਾਅਦ ਭਾਰਤ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।ਹੁਣ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਗੇਮਜ਼ 2026 ਦਾ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ।
ਏਸ਼ੀਅਨ ਗੇਮਜ਼ ਵਿੱਚ ਸੋਨ ਤਗਮਾ ਜਿੱਤਣ ਦੇ ਨਾਲ ਭਾਰਤ ਨੇ ਲਾਸ ਏਂਜਲਸ ਓਲੰਪਿਕ 2028 ਲਈ ਵੀ ਕੁਆਲੀਫਾਈ ਕਰ ਲਿਆ ਹੈ।ਭਾਰਤੀ ਪੁਰਸ਼ ਹਾਕੀ ਟੀਮ ਦੀ ਇਹ ਜਿੱਤ ਦੇਸ਼ ਲਈ ਦੋਹਰੀ ਖੁਸ਼ੀ ਲੈ ਕੇ ਆਈ ਹੈ—ਏਸ਼ੀਆਈ ਖੇਡਾਂ ਦਾ ਗੋਲਡ ਅਤੇ ਓਲੰਪਿਕ ਦੀ ਟਿਕਟ।
