Asian Games 2026: ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ। ਨਿਸ਼ਿਨ ਦੇ ਕੋਰੋਗੀ ਸਪੋਰਟਸ ਪਾਰਕ ਵਿੱਚ ਖੇਡੇ ਗਏ ਪੁਰਸ਼ ਕ੍ਰਿਕਟ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਪੁਰਸ਼ ਕ੍ਰਿਕਟ ਵਿੱਚ ਆਪਣਾ ਖਿਤਾਬ ਵੀ ਸਫਲਤਾਪੂਰਵਕ ਡਿਫੈਂਡ ਕਰ ਲਿਆ।
ਭਾਰਤ ਨੇ ਬਣਾਇਆ 211 ਦੌੜਾਂ ਦਾ ਵੱਡਾ ਸਕੋਰ
ਟਾਸ ਜਿੱਤ ਕੇ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ। ਇਹ ਏਸ਼ੀਆਈ ਖੇਡਾਂ ਦੇ ਪੁਰਸ਼ ਕ੍ਰਿਕਟ ਮੁਕਾਬਲੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਟੀਮ ਸਕੋਰ ਵੀ ਰਿਹਾ।
ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ਵਿੱਚ 61 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 3 ਚੌਕੇ ਅਤੇ 7 ਛੱਕੇ ਸ਼ਾਮਲ ਰਹੇ। ਇਸ ਤੋਂ ਬਾਅਦ ਤਿਲਕ ਵਰਮਾ ਨੇ ਸਿਰਫ਼ 22 ਗੇਂਦਾਂ ਵਿੱਚ ਨਾਬਾਦ 51 ਦੌੜਾਂ ਬਣਾਕੇ ਭਾਰਤ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਇਆ। ਸ਼ਿਵਮ ਦੂਬੇ ਨੇ ਵੀ 27 ਦੌੜਾਂ ਦੀ ਤੇਜ਼ ਪਾਰੀ ਖੇਡੀ।
ਪਾਕਿਸਤਾਨ ਨੇ ਦਿੱਤਾ ਜ਼ਬਰਦਸਤ ਜਵਾਬ
212 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਮੁਸ਼ਕਲ ਰਹੀ। ਟੀਮ ਨੇ ਆਪਣੇ ਮਹੱਤਵਪੂਰਨ ਵਿਕਟਾਂ ਜਲਦੀ ਗੁਆ ਦਿੱਤੀਆਂ।ਹਾਲਾਂਕਿ ਹਸਨ ਨਵਾਜ਼ ਨੇ 51 ਗੇਂਦਾਂ ਵਿੱਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਸੈਮ ਅਯੂਬ ਨੇ 29 ਦੌੜਾਂ ਬਣਾ ਕੇ ਉਨ੍ਹਾਂ ਦਾ ਸਾਥ ਦਿੱਤਾ। ਦੋਵਾਂ ਨੇ ਮਿਲ ਕੇ ਪਾਕਿਸਤਾਨ ਦੀ ਪਾਰੀ ਨੂੰ ਮੁੜ ਸੰਭਾਲਣ ਦੀ ਕੋਸ਼ਿਸ਼ ਕੀਤੀ।ਪਰ ਭਾਰਤੀ ਗੇਂਦਬਾਜ਼ਾਂ ਨੇ ਆਖਰੀ ਓਵਰਾਂ ਵਿੱਚ ਦਬਾਅ ਬਣਾਈ ਰੱਖਿਆ। ਪਾਕਿਸਤਾਨ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਮੁਕਾਬਲਾ 19 ਦੌੜਾਂ ਨਾਲ ਜਿੱਤ ਲਿਆ।
ਅਕਸ਼ਰ, ਵਾਸ਼ਿੰਗਟਨ ਅਤੇ ਦੂਬੇ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਦਾ ਵੀ ਅਹਿਮ ਯੋਗਦਾਨ ਰਿਹਾ। ਅਕਸ਼ਰ ਪਟੇਲ ਨੇ 2 ਵਿਕਟਾਂ, ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਅਤੇ ਸ਼ਿਵਮ ਦੂਬੇ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਪ੍ਰਦਰਸ਼ਨਾਂ ਨੇ ਪਾਕਿਸਤਾਨ ਨੂੰ ਟੀਚੇ ਤੱਕ ਪਹੁੰਚਣ ਤੋਂ ਰੋਕਿਆ।
ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਲਗਾਤਾਰ ਦੂਜਾ ਗੋਲਡ
ਇਸ ਜਿੱਤ ਨਾਲ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਪੁਰਸ਼ ਕ੍ਰਿਕਟ ਦਾ ਲਗਾਤਾਰ ਦੂਜਾ ਸੋਨ ਤਗਮਾ ਆਪਣੇ ਨਾਮ ਕੀਤਾ ਹੈ। ਭਾਰਤ ਨੇ ਪਿਛਲੇ ਐਡੀਸ਼ਨ ਵਿੱਚ ਵੀ ਪੁਰਸ਼ ਕ੍ਰਿਕਟ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ 2026 ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਸੋਨ ਤਗਮਾ ਜਿੱਤ ਚੁੱਕੀ ਹੈ। ਇਸ ਤਰ੍ਹਾਂ ਭਾਰਤ ਨੇ ਇਸ ਵਾਰ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਮਹਿਲਾ ਅਤੇ ਪੁਰਸ਼ ਦੋਵੇਂ ਵਰਗਾਂ ਵਿੱਚ ਗੋਲਡ ਆਪਣੇ ਨਾਮ ਕੀਤਾ ਹੈ।
