ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਘਰ CBI ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਸੀਬੀਆਈ ਟੀਮ ਦੀ ਗੱਡੀ ’ਤੇ ਫੁੱਲਾਂ ਦੀਆਂ ਪੱਤੀਆਂ ਵਰ੍ਹਾਉਣ ਦਾ ਮਾਮਲਾ ਹੁਣ ਤੂਲ ਫੜ ਗਿਆ ਹੈ। ਇਸ ਘਟਨਾ ਤੋਂ ਬਾਅਦ ਸੰਗਰੂਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਦਕਿ ਘਰਾਚੋਂ ਥਾਣੇ ਦੇ SHO ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ CBI ਦੀ ਟੀਮ ਰਾਜਬੀਰ ਸਿੰਘ ਘੁੰਮਣ ਦੇ ਘਰ ਦੀ ਤਲਾਸ਼ੀ ਲੈਣ ਲਈ ਘਰਾਚੋਂ ਪਹੁੰਚੀ ਸੀ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ CBI ਟੀਮ ਦਾ ਫੁੱਲਾਂ ਦੀਆਂ ਪੱਤੀਆਂ ਵਰ੍ਹਾ ਕੇ ਅਤੇ ਮਠਿਆਈਆਂ ਵੰਡ ਕੇ ਸਵਾਗਤ ਕੀਤਾ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ।
2 ਵਿਅਕਤੀ ਹਿਰਾਸਤ ’ਚ, SHO ਮੁਅੱਤਲ
ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ CBI ਦੀ ਗੱਡੀ ’ਤੇ ਫੁੱਲ ਵਰ੍ਹਾਉਣ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਘਰਾਚੋਂ ਥਾਣੇ ਦੇ SHO ਯਸ਼ਪਾਲ ਸ਼ਰਮਾ ਨੂੰ ਕਥਿਤ ਤੌਰ ’ਤੇ ਡਿਊਟੀ ਵਿੱਚ ਲਾਪਰਵਾਹੀ ਦੇ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ।ਪੁਲਿਸ ਅਧਿਕਾਰੀ ਮੁਤਾਬਕ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਕੀਤੀ ਗਈ।
OSD ਰਾਜਬੀਰ ਸਿੰਘ ਘੁੰਮਣ ਦੇ ਘਰ CBI ਦੀ ਤਲਾਸ਼ੀ
ਦੱਸਿਆ ਜਾ ਰਿਹਾ ਹੈ ਕਿ CBI ਨੇ ਮੰਗਲਵਾਰ ਸ਼ਾਮ ਨੂੰ ਰਾਜਬੀਰ ਸਿੰਘ ਘੁੰਮਣ ਦੇ ਘਰਾਚੋਂ ਸਥਿਤ ਨਿਵਾਸ ’ਤੇ ਤਲਾਸ਼ੀ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-2 ਵਿੱਚ ਸਥਿਤ ਇੱਕ ਜਾਇਦਾਦ ਦੀ ਵੀ ਤਲਾਸ਼ੀ ਲਈ ਗਈ, ਜਿਸ ਨੂੰ ਮੁੱਖ ਮੰਤਰੀ ਦੇ ਕੈਂਪ ਆਫਿਸ ਵਜੋਂ ਵਰਤਿਆ ਜਾ ਰਿਹਾ ਸੀ।CBI ਵੱਲੋਂ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਵੀ ਜਾਂਚ ਨਾਲ ਜੁੜੀਆਂ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਲੈਣ ਦੀ ਜਾਣਕਾਰੀ ਹੈ।
ਸਾਬਕਾ ਜਸਟਿਸ ਰਣਜੀਤ ਸਿੰਘ ਨੇ ਚੁੱਕੇ ਸਵਾਲ
ਇਸ ਮਾਮਲੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ CBI ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਫੁੱਲ ਸੁੱਟਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਪੁਲਿਸ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।
CBI Raid ਮਗਰੋਂ ਪੰਜਾਬ ਦੀ ਸਿਆਸਤ ਗਰਮ
CBI ਦੀ ਰੇਡ, ਟੀਮ ਦਾ ਫੁੱਲਾਂ ਨਾਲ ਸਵਾਗਤ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਹਿਰਾਸਤ ਵਿੱਚ ਲਏ ਗਏ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ CBI ਦੀ ਜਾਂਚ ਕਿਸ ਨਤੀਜੇ ਤੱਕ ਪਹੁੰਚਦੀ ਹੈ।
