ਪੁਲਿਸ ਦੀ ਇਸ ਕਾਰਵਾਈ ਨੂੰ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਵਿਰੁੱਧ ਅਹਿਮ ਸਫਲਤਾ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਦੋ ਨੈੱਟਵਰਕਾਂ ਦਾ ਪਰਦਾਫਾਸ਼
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਦੋ ਨੈੱਟਵਰਕਾਂ ਵਿਰੁੱਧ ਕਾਰਵਾਈ ਕੀਤੀ ਹੈ। ਇਸ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਪੁਲਿਸ ਮੁਤਾਬਕ, ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਤਸਕਰਾਂ ਅਤੇ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਸੰਪਰਕ ਹੋਣ ਦੇ ਸ਼ੱਕ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਥਾਣਾ ਘਰਿੰਡਾ ਅਤੇ ਥਾਣਾ ਲੋਪੋਕੇ ਵਿਖੇ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦੇ ਹੋਰ ਸੰਭਾਵਿਤ ਸਾਥੀਆਂ ਅਤੇ ਨੈੱਟਵਰਕ ਨਾਲ ਜੁੜੇ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
In a major breakthrough, Amritsar Rural Police dismantles two illegal arms & narcotics supply networks, apprehends 4 accused and recovers 15 Kg opium, 1 sophisticated M16 rifle, 9 illegal pistols and 25 live cartridges.
Preliminary investigation reveals that the accused is allegedly linked to foreign-based smugglers and is involved in procuring illegal weapons.
Separate FIRs have been registered at PS Gharinda & PS Lopoke, Amritsar. Further investigation is underway to uncover the complete backward and forward linkages and identify other persons involved.
@PunjabPoliceInd remains committed to maintaining strict vigil against illegal arms trafficking and organised criminal networks and taking firm action against those involved in the illegal supply and circulation of weapons.
— DGP Punjab Police (@DGPPunjabPolice) October 10, 2026
M-16 ਅਸਾਲਟ ਰਾਈਫ਼ਲ ਦੀ ਬਰਾਮਦਗੀ ਨੇ ਵਧਾਈ ਚਿੰਤਾ
ਇਸ ਪੂਰੇ ਮਾਮਲੇ ਵਿੱਚ ਸਭ ਤੋਂ ਅਹਿਮ ਗੱਲ M-16 ਅਸਾਲਟ ਰਾਈਫ਼ਲ ਦੀ ਬਰਾਮਦਗੀ ਹੈ। ਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ, ਪੁਲਿਸ ਨੇ ਇੱਕ ਆਧੁਨਿਕ M-16 ਰਾਈਫ਼ਲ ਅਤੇ 15 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ, ਪਰ ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਅਫ਼ੀਮ ਅਤੇ M-16 ਰਾਈਫ਼ਲ ਦੀ ਬਰਾਮਦਗੀ ਜਾਂਚ ਦਾ ਅਹਿਮ ਪਹਿਲੂ ਹੈ।
ਦੂਜੇ ਤਸਕਰੀ ਮਾਡਿਊਲ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ 9 ਆਧੁਨਿਕ ਪਿਸਤੌਲ, 25 ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ।
ਸਰਹੱਦੀ ਪਿੰਡਾਂ ਨਾਲ ਜੁੜੇ ਤਸਕਰੀ ਨੈੱਟਵਰਕ ਦਾ ਖੁਲਾਸਾ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੋਪੋਕੇ ਨੇੜੇ ਸਥਿਤ ਸਰਹੱਦੀ ਪਿੰਡ ਮਾਂਝ ਅਤੇ ਕੱਕੜ ਨਾਲ ਸਬੰਧਤ ਹਨ। ਇਹ ਪਿੰਡ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਹਨ।ਮੁੱਖ ਮੁਲਜ਼ਮਾਂ ਵਿੱਚ ਮਲਕੀਅਤ ਸਿੰਘ ਅਤੇ ਗੁਰਜੀਤ ਸਿੰਘ ਦੇ ਨਾਂ ਸਾਹਮਣੇ ਆਏ ਹਨ। ਪੁਲਿਸ ਅਨੁਸਾਰ, ਦੋਵੇਂ ਆਪਸ ਵਿੱਚ ਸਾਲਾ-ਜੀਜਾ ਹਨ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੇ ਹੋਰ ਸਾਥੀ ਕੌਣ ਹਨ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਪਹੁੰਚ ਕਿੰਨੀ ਦੂਰ ਤੱਕ ਹੈ।
ਡਰੋਨ ਰਾਹੀਂ ਖੇਪ ਪਹੁੰਚਾਉਣ ਦਾ ਸ਼ੱਕ
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਸ਼ੱਕ ਹੈ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਸਨ।ਜਾਂਚ ਮੁਤਾਬਕ, ਖੇਪ ਨੂੰ ਨਿਰਧਾਰਤ ਥਾਵਾਂ ’ਤੇ ਲੁਕਾਇਆ ਜਾਂਦਾ ਸੀ ਅਤੇ ਅੱਗੇ ਇਸ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ GPS ਲੋਕੇਸ਼ਨ ਦੀ ਮਦਦ ਨਾਲ ਉੱਥੋਂ ਚੁੱਕ ਲੈਂਦੇ ਸਨ। ਇਸ ਤਰੀਕੇ ਨਾਲ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਵਿਅਕਤੀਆਂ ਵਿਚਕਾਰ ਸਿੱਧਾ ਸੰਪਰਕ ਘੱਟ ਰਹਿੰਦਾ ਸੀ।ਹਾਲਾਂਕਿ, ਇਸ ਪੂਰੇ ਨੈੱਟਵਰਕ ਅਤੇ ਸਰਹੱਦ ਪਾਰੋਂ ਹੋਣ ਵਾਲੀ ਸਪਲਾਈ ਬਾਰੇ ਅੰਤਿਮ ਤੱਥ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ।
ਮੁਲਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਤਸਕਰੀ ਨਾਲ ਜੁੜੇ ਵਿੱਤੀ ਨੈੱਟਵਰਕ ਨੂੰ ਤੋੜਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਮੁਲਜ਼ਮਾਂ ਵੱਲੋਂ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ NDPS ਐਕਟ ਦੀ ਧਾਰਾ 68F ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ M-16 ਰਾਈਫ਼ਲ ਦੀ ਸਪਲਾਈ ਦੇ ਸਰੋਤ, ਇਸ ਦੀ ਆਖ਼ਰੀ ਡਿਲਿਵਰੀ ਵਾਲੀ ਥਾਂ ਅਤੇ ਕਿਸੇ ਹੋਰ ਅਪਰਾਧਿਕ ਜਾਂ ਸੰਭਾਵਿਤ ਅੱਤਵਾਦੀ ਨੈੱਟਵਰਕ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦੀ ਜਾਂਚ ਜਾਰੀ
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਸ ਕਾਰਵਾਈ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਹੁਣ ਜਾਂਚ ਦਾ ਮੁੱਖ ਕੇਂਦਰ ਇਹ ਪਤਾ ਲਗਾਉਣਾ ਹੈ ਕਿ M-16 ਰਾਈਫ਼ਲ ਕਿੱਥੋਂ ਆਈ, ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ ਅਤੇ ਇਸ ਪਿੱਛੇ ਕਿਹੜਾ ਨੈੱਟਵਰਕ ਸਰਗਰਮ ਸੀ। ਆਉਣ ਵਾਲੇ ਦਿਨਾਂ ਵਿੱਚ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
