ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਗੁਰਨੂਰ ਸਿੱਧੂ ਵਜੋਂ ਹੋਈ ਹੈ, ਜੋ ਕਥਿਤ ਤੌਰ ’ਤੇ ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਨਾਮਜ਼ਦ ਦੋਵੇਂ ਫੌਜੀ ਕਰਮਚਾਰੀ ਪੰਜਾਬ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਥਿਤ ਤੌਰ ’ਤੇ ਗੁਪਤ ਜਾਣਕਾਰੀ ਕਿਹੜੇ ਤਰੀਕਿਆਂ ਨਾਲ ਸਾਂਝੀ ਕੀਤੀ ਗਈ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ।
ਤਿੰਨਾਂ ਨੇ ਬਣਾਇਆ ਹੋਇਆ ਸੀ ਗਰੁੱਪ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਦੇ ਐਸ.ਐਚ.ਓ. ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ 8 ਅਕਤੂਬਰ 2026 ਨੂੰ ਫਿਰੋਜ਼ਪੁਰ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ।ਇਸ ਦੌਰਾਨ ਰੁਕਨਾ ਬੇਗੂ ਪੁਲ ਸੇਮ ਨਾਲੇ ਨੇੜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਥਿਤ ਤੌਰ ’ਤੇ ਤਿੰਨਾਂ ਨੇ ਆਪਸ ਵਿੱਚ ਇੱਕ ਗਰੁੱਪ ਬਣਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਤੇ ਪਾਕਿਸਤਾਨੀ ਫੌਜ ਨਾਲ ਸੰਪਰਕ ਹੋਣ ਦਾ ਸ਼ੱਕ ਹੈ।
ਫੌਜੀ ਖੇਤਰਾਂ ਨਾਲ ਸਬੰਧਤ ਜਾਣਕਾਰੀ ਭੇਜਣ ਦੇ ਦੋਸ਼
ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ, ਮਾਮਲੇ ਵਿੱਚ ਨਾਮਜ਼ਦ ਦੋਵੇਂ ਫੌਜੀ ਕਰਮਚਾਰੀ ਆਪਣੀ ਤਾਇਨਾਤੀ ਦਾ ਕਥਿਤ ਤੌਰ ’ਤੇ ਫਾਇਦਾ ਉਠਾ ਕੇ ਭਾਰਤੀ ਫੌਜੀ ਖੇਤਰਾਂ ਅਤੇ ਛਾਉਣੀਆਂ ਨਾਲ ਸਬੰਧਤ ਗੁਪਤ ਤੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਦੇ ਸਨ।ਦੋਸ਼ ਹੈ ਕਿ ਇਹ ਜਾਣਕਾਰੀ ਗੁਰਨੂਰ ਸਿੱਧੂ ਰਾਹੀਂ ਮੋਬਾਈਲ ਫੋਨ, ਟੈਬਲੇਟ ਅਤੇ ਇੰਟਰਨੈੱਟ ਦੀ ਮਦਦ ਨਾਲ ਪਾਕਿਸਤਾਨ ਤੱਕ ਪਹੁੰਚਾਈ ਜਾਂਦੀ ਸੀ। ਹਾਲਾਂਕਿ, ਇਸ ਸਬੰਧੀ ਸਾਰੇ ਦੋਸ਼ਾਂ ਦੀ ਪੁਲਿਸ ਜਾਂਚ ਜਾਰੀ ਹੈ ਅਤੇ ਅਜੇ ਤੱਕ ਇਨ੍ਹਾਂ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਹੈ।
ਫਿਰੋਜ਼ਪੁਰ ‘ਚੋਂ ਔਰਤ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਨੂਰ ਸਿੱਧੂ ਫਿਰੋਜ਼ਪੁਰ ਦੇ ਕਿਲਾ ਚੌਂਕ ਤੋਂ ਹੁਸੈਨੀਵਾਲਾ ਬਾਰਡਰ ਰੋਡ ਵੱਲ ਜਾਂਦੇ ਰਸਤੇ ’ਤੇ ਰੇਲਵੇ ਫਾਟਕ ਨੇੜੇ ਇੱਕ ਨਿਰਮਾਣ ਅਧੀਨ ਪੁਲ ਕੋਲ ਮੌਜੂਦ ਹੈ।ਇਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ ਅਤੇ ਕਥਿਤ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਫਰਜ਼ੀ ਦਸਤਾਵੇਜ਼ ਤਿਆਰ ਕਰਵਾਉਣ ਦਾ ਵੀ ਸ਼ੱਕ
ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਨੂਰ ਸਿੱਧੂ ਅਸਲ ਵਿੱਚ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ, ਪਰ ਉਸ ਨੇ ਕਥਿਤ ਤੌਰ ’ਤੇ ਫਰੀਦਕੋਟ ਦੀ ਨਿਵਾਸੀ ਹੋਣ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਵਾਏ ਹੋਏ ਸਨ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਫਰੀਦਕੋਟ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਜਾਂਚ ਦਾ ਇੱਕ ਅਹਿਮ ਪਹਿਲੂ ਇਹ ਪਤਾ ਲਗਾਉਣਾ ਹੈ ਕਿ ਕਿਤੇ ਫਰੀਦਕੋਟ ਫੌਜੀ ਛਾਉਣੀ ਜਾਂ ਹੋਰ ਸੰਵੇਦਨਸ਼ੀਲ ਫੌਜੀ ਥਾਵਾਂ ਨਾਲ ਸਬੰਧਤ ਕੋਈ ਜਾਣਕਾਰੀ ਤਾਂ ਕਥਿਤ ਤੌਰ ’ਤੇ ਪਾਕਿਸਤਾਨ ਤੱਕ ਨਹੀਂ ਪਹੁੰਚਾਈ ਗਈ।
ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਪੁੱਛਗਿੱਛ ਦੌਰਾਨ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
