ਝੋਟਾ ਦੀ ਵੀਡੀਓ ਤੋਂ ਬਾਅਦ ਮੈਡੀਕਲ ਸਟੋਰ ’ਤੇ ਕਾਰਵਾਈ
ਜਾਣਕਾਰੀ ਅਨੁਸਾਰ, ਪਰਵਿੰਦਰ ਸਿੰਘ ਝੋਟਾ ਨੇ ਆਪਣੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕੀਤੀ ਸੀ। ਇਸ ਵੀਡੀਓ ਵਿੱਚ ਉਸ ਨੇ ਇੱਕ ਮੈਡੀਕਲ ਸਟੋਰ ਦੀ ਨਸ਼ਿਆਂ ਨਾਲ ਕਥਿਤ ਸ਼ਮੂਲੀਅਤ ਦਾ ਮੁੱਦਾ ਚੁੱਕਿਆ ਸੀ। ਹੁਣ ਝੋਟਾ ਕਤਲ ਮਾਮਲੇ ਵਿੱਚ ਵਧ ਰਹੇ ਤਣਾਅ ਦਰਮਿਆਨ ਪੁਲਿਸ ਨੇ ਇਸ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ।ਹਾਲਾਂਕਿ, ਮੈਡੀਕਲ ਸਟੋਰ ਨੂੰ ਸੀਲ ਕਰਨ ਦੇ ਪੂਰੇ ਕਾਰਨਾਂ ਅਤੇ ਇਸ ਮਾਮਲੇ ਵਿੱਚ ਸਟੋਰ ਦੀ ਕਥਿਤ ਭੂਮਿਕਾ ਬਾਰੇ ਪੁਲਿਸ ਦੀ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
ਕਤਲ ‘ਚ ਵਰਤਿਆ ਪਿਸਤੌਲ ਬਰਾਮਦ
ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਅਹਿਮ ਸਫਲਤਾ ਮਿਲੀ ਹੈ। ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਮੁਤਾਬਕ, ਪੁਲਿਸ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕਰ ਲਿਆ ਹੈ।
ਪੁਲਿਸ ਅਨੁਸਾਰ, ਮੁਲਜ਼ਮ ਨੇ ਇਸ ਪਿਸਤੌਲ ਨੂੰ ਝੀਰ ਕਸਬੇ ਦੇ ਨੇੜੇ ਖੇਤਾਂ ਵਿੱਚ ਲੁਕਾਇਆ ਹੋਇਆ ਸੀ। ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸ਼ਵਨੀ ਕੁਮਾਰ, ਉਸ ਦੀ ਪਤਨੀ ਅਤੇ ਕਥਿਤ ਤੌਰ ’ਤੇ ਮਦਦ ਕਰਨ ਵਾਲੇ ਹੋਰ ਵਿਅਕਤੀ ਪੁਲਿਸ ਰਿਮਾਂਡ ’ਤੇ ਹਨ।
ਇਹ ਵੀ ਪੜ੍ਹੋ : ਬੱਚਿਆਂ ਨੂੰ Internet ਤੋਂ ਨਹੀਂ ਰੋਕ ਸਕਦੇ! ਸੁਪਰੀਮ ਕੋਰਟ ਨੇ ਦੱਸਿਆ ਕੀ ਹੈ ਸਹੀ ਰਾਹ
ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਦਾ ਮਾਰਚ
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਤੋਂ ਬਾਅਦ ਸ਼ਹਿਰ ਵਿੱਚ ਬਣੇ ਤਣਾਅ ਦੇ ਮੱਦੇਨਜ਼ਰ ਪੁਲਿਸ ਵੱਲੋਂ ਮਾਰਚ ਵੀ ਕੀਤਾ ਜਾ ਰਿਹਾ ਹੈ। ਐਸਐਸਪੀ ਵੈਭਵ ਚੌਧਰੀ ਨੇ ਕਿਹਾ ਕਿ ਪੁਲਿਸ ਦਾ ਮਕਸਦ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਜਾਣਕਾਰੀ ਸਮੇਂ-ਸਮੇਂ ’ਤੇ ਸਾਂਝੀ ਕੀਤੀ ਜਾਵੇਗੀ।
ਇਨਸਾਫ਼ ਦੀ ਮੰਗ ’ਤੇ ਅੜਿਆ ਪਰਿਵਾਰ
ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਸ ਦਾ ਪਰਿਵਾਰ ਲਗਾਤਾਰ ਧਰਨਾ ਦੇ ਰਿਹਾ ਹੈ। ਪਰਿਵਾਰ ਦੀ ਮੰਗ ਹੈ ਕਿ ਕਤਲ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਝੋਟਾ ਨੂੰ ਇਨਸਾਫ਼ ਮਿਲੇ।
ਪਰਿਵਾਰ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ।ਰਿਪੋਰਟ ਮੁਤਾਬਕ, ਪਰਿਵਾਰ ਵੱਲੋਂ ਅਜੇ ਤੱਕ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਵੀ ਨਹੀਂ ਕੀਤਾ ਗਿਆ।
ਹੁਣ ਸਾਰਿਆਂ ਦੀ ਨਜ਼ਰ ਪੁਲਿਸ ਜਾਂਚ ’ਤੇ ਹੈ। ਮੈਡੀਕਲ ਸਟੋਰ ਨੂੰ ਸੀਲ ਕਰਨ ਅਤੇ ਕਤਲ ਵਿੱਚ ਵਰਤੇ ਪਿਸਤੌਲ ਦੀ ਬਰਾਮਦਗੀ ਤੋਂ ਬਾਅਦ ਇਹ ਦੇਖਣਾ ਅਹਿਮ ਹੋਵੇਗਾ ਕਿ ਜਾਂਚ ਵਿੱਚ ਹੋਰ ਕੀ ਖੁਲਾਸੇ ਹੁੰਦੇ ਹਨ ਅਤੇ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲਦਾ ਹੈ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਬੰਗਲੇ ‘ਤੇ ਚੱਲਿਆ ਬੁਲਡੋਜ਼ਰ! ਜਾਣੋ ਕੀ ਹੈ ਪੂਰਾ ਮਾਮਲਾ
