Bastar News: ਦੀਵਾਲੀ ਦੇ ਪਾਵਨ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਬਸਤਰ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਨਿਭਾ ਰਹੇ ਜਵਾਨਾਂ ਦੇ ਹੌਸਲੇ ਅਤੇ ਸਮਰਪਣ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਰੱਖਿਆ ਲਈ ਤਾਇਨਾਤ ਬਹਾਦਰ ਸੁਰੱਖਿਆ ਕਰਮੀਆਂ ਨਾਲ ਦੀਵਾਲੀ ਮਨਾਉਣ ਜਾ ਰਹੇ ਹਨ। ਉਨ੍ਹਾਂ ਨੇ ਬਸਤਰ ਵਿੱਚ ਆਏ ਬਦਲਾਅ ਦਾ ਜ਼ਿਕਰ ਕਰਦਿਆਂ ਕਿਹਾ, “ਕੱਲ੍ਹ ਤੱਕ ਜਿੱਥੇ ਨਕਸਲੀਆਂ ਦਾ ਕਹਿਰ ਸੀ, ਉੱਥੇ ਅੱਜ ਵਿਕਾਸ ਦੀ ਬਹਾਰ ਹੈ।”
ਉਨ੍ਹਾਂ ਕਿਹਾ ਕਿ ਦੇਸ਼ ਦੇ ਜਵਾਨਾਂ ਦੀ ਤਪੱਸਿਆ, ਤਿਆਗ, ਬਲੀਦਾਨ ਅਤੇ ਰਾਸ਼ਟਰ ਪ੍ਰਤੀ ਅਟੁੱਟ ਸਮਰਪਣ ਨੂੰ ਉਹ ਦਿਲੋਂ ਨਮਨ ਕਰਦੇ ਹਨ। ਇਹ ਦੌਰਾ ਸੁਰੱਖਿਆ ਬਲਾਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਬਸਤਰ ਵਿੱਚ ਹੋ ਰਹੇ ਬਦਲਾਅ ਨੂੰ ਵੀ ਦਰਸਾਉਂਦਾ ਹੈ।
2014 ਤੋਂ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਆ ਰਹੇ ਹਨ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਤੋਂ ਲਗਾਤਾਰ ਦੀਵਾਲੀ ਦਾ ਤਿਉਹਾਰ ਦੇਸ਼ ਦੀਆਂ ਸਰਹੱਦਾਂ ਅਤੇ ਵੱਖ-ਵੱਖ ਸੁਰੱਖਿਆ ਖੇਤਰਾਂ ਵਿੱਚ ਤਾਇਨਾਤ ਜਵਾਨਾਂ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਉਹ ਕਿਸੇ ਨਾ ਕਿਸੇ ਸਰਹੱਦੀ ਜਾਂ ਰਣਨੀਤਕ ਤੌਰ ’ਤੇ ਮਹੱਤਵਪੂਰਨ ਇਲਾਕੇ ਵਿੱਚ ਪਹੁੰਚ ਕੇ ਜਵਾਨਾਂ ਨਾਲ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ।
Diwali in Bastar…all thanks to our security forces!
Naxalism is history.
Development is the way ahead.
Today was special and memorable. https://t.co/cHok2iVtd8
— Narendra Modi (@narendramodi) November 8, 2026
ਜਾਣੋ ਕਿੱਥੇ-ਕਿੱਥੇ ਜਵਾਨਾਂ ਨਾਲ ਦੀਵਾਲੀ ਮਨਾ ਚੁੱਕੇ ਹਨ PM ਮੋਦੀ?
- 2014 – ਸਿਆਚਿਨ, ਲੱਦਾਖ: ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਦੀਵਾਲੀ ਸੈਨਾ ਦੇ ਜਵਾਨਾਂ ਨਾਲ ਸਿਆਚਿਨ ਬੇਸ ਕੈਂਪ ਵਿੱਚ ਮਨਾਈ।
- 2015 – ਅੰਮ੍ਰਿਤਸਰ, ਪੰਜਾਬ: ਖ਼ਾਸਾ ਸਥਿਤ ਡੋਗਰਾਈ ਵਾਰ ਮੈਮੋਰੀਅਲ ਵਿਖੇ ਜਵਾਨਾਂ ਨਾਲ ਦੀਵਾਲੀ ਮਨਾਈ।
- 2016 – ਸੁਮਦੋ, ਹਿਮਾਚਲ ਪ੍ਰਦੇਸ਼: ਭਾਰਤੀ ਫ਼ੌਜ ਅਤੇ ITBP ਦੇ ਜਵਾਨਾਂ ਨਾਲ ਤਿਉਹਾਰ ਮਨਾਇਆ।
- 2017 – ਗੁਰੇਜ਼ ਘਾਟੀ, ਜੰਮੂ-ਕਸ਼ਮੀਰ: LoC ਨੇੜੇ ਤਾਇਨਾਤ ਫ਼ੌਜ ਅਤੇ BSF ਦੇ ਜਵਾਨਾਂ ਨਾਲ ਦੀਵਾਲੀ ਮਨਾਈ।
- 2018 – ਹਰਸ਼ਿਲ, ਉੱਤਰਾਖੰਡ: ਫ਼ੌਜ ਅਤੇ ITBP ਦੇ ਜਵਾਨਾਂ ਨਾਲ ਦੀਵਾਲੀ ਮਨਾਈ ਅਤੇ ਬਾਅਦ ਵਿੱਚ ਕੇਦਾਰਨਾਥ ਦੇ ਦਰਸ਼ਨ ਕੀਤੇ।
- 2019 – ਰਾਜੌਰੀ, ਜੰਮੂ-ਕਸ਼ਮੀਰ: ਕੰਟਰੋਲ ਰੇਖਾ ’ਤੇ ਤਾਇਨਾਤ ਜਵਾਨਾਂ ਨਾਲ ਤਿਉਹਾਰ ਮਨਾਇਆ।
- 2020 – ਲੋਂਗੇਵਾਲਾ, ਰਾਜਸਥਾਨ: ਜੈਸਲਮੇਰ ਦੀ ਲੋਂਗੇਵਾਲਾ ਬਾਰਡਰ ਪੋਸਟ ’ਤੇ ਜਵਾਨਾਂ ਨਾਲ ਦੀਵਾਲੀ ਮਨਾਈ।
- 2021 – ਨੌਸ਼ਹਿਰਾ, ਜੰਮੂ-ਕਸ਼ਮੀਰ: ਸਰਹੱਦੀ ਖੇਤਰ ਵਿੱਚ ਤਾਇਨਾਤ ਫ਼ੌਜੀ ਜਵਾਨਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
- 2022 – ਕਾਰਗਿਲ, ਲੱਦਾਖ: ਕਾਰਗਿਲ ਵਿੱਚ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ।
- 2023 – ਲੇਪਚਾ, ਹਿਮਾਚਲ ਪ੍ਰਦੇਸ਼: ਸਰਹੱਦੀ ਖੇਤਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਤਿਉਹਾਰ ਮਨਾਇਆ।
- 2024 – ਕੱਛ, ਗੁਜਰਾਤ: ਲੱਕੀ ਨਾਲਾ ਅਤੇ ਸਰ ਕ੍ਰੀਕ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਈ।
- 2025 – INS ਵਿਕਰਾਂਤ: ਪੱਛਮੀ ਸਮੁੰਦਰੀ ਸਰਹੱਦ ’ਤੇ ਭਾਰਤੀ ਜਲ ਸੈਨਾ ਦੇ ਜਵਾਨਾਂ ਨਾਲ ਦੀਵਾਲੀ ਮਨਾਈ।
- 2026 – ਬਸਤਰ, ਛੱਤੀਸਗੜ੍ਹ: ਇਸ ਵਾਰ ਨਕਸਲ ਪ੍ਰਭਾਵਿਤ ਖੇਤਰ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਮਨਾਈ।
ਬਸਤਰ ਵਿੱਚ ਬਦਲਾਅ ਦਾ ਸੰਦੇਸ਼
PM ਮੋਦੀ ਦਾ ਬਸਤਰ ਦੌਰਾ ਸਿਰਫ਼ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਨਕਸਲਵਾਦ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ, ਵਿਕਾਸ ਅਤੇ ਆਮ ਜਨਜੀਵਨ ਨੂੰ ਮੁੜ ਮਜ਼ਬੂਤ ਕਰਨ ਦੇ ਸਰਕਾਰੀ ਯਤਨਾਂ ਦਾ ਸੰਦੇਸ਼ ਵੀ ਦਿੰਦਾ ਹੈ।
ਜਿੱਥੇ ਕਦੇ ਨਕਸਲਵਾਦ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੁਣ ਵਿਕਾਸ ਕਾਰਜਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
